
ਇਸ ਸਾਲ ਸਭ ਤੋਂ ਵੱਧ ਇਕ ਦਿਨ ਦੀ ਮੰਗ 230 ਗੀਗਾਵਾਟ ਰਹਿਣ ਦਾ ਅੰਦਾਜ਼ਾ
ਨਵੀਂ ਦਿੱਲੀ: ਬਿਜਲੀ ਮੰਤਰਾਲੇ ਨੇ ਗਰਮੀਆਂ ਦੇ ਮੌਸਮ ’ਚ ਬਿਜਲੀ ਦੀ ਵਧਦੀ ਮੰਗ ਨੂੰ ਵੇਖਦਿਆਂ ਆਯਾਤ ਕੀਤੇ ਕੋਲੇ ਦਾ ਪ੍ਰਯੋਗ ਕਰਨ ਵਾਲੇ ਸਾਰੇ ਥਰਮਲ ਬਿਜਲੀ ਪਲਾਂਟਾਂ ਨੂੰ 30 ਸਤੰਬਰ ਤਕ ਪੂਰੀ ਸਮਰਥਾ ਨਾਲ ਕੰਮ ਕਰਨ ਦੇ ਹੁਕਮ ਦਿਤੇ ਹਨ।
ਜਲੀ ਮੰਤਰਾਲੇ ਨੇ ਇਸ ਬਾਬਤ ਸੋਮਵਾਰ ਨੂੰ ਥਰਮਲ ਬਿਜਲੀ ਉਤਪਾਦਨ ਪਲਾਂਟਾਂ ਨੂੰ ਨੋਟਿਸ ਭੇਜਿਆ। ਇਸ ਤੋਂ ਪਹਿਲਾਂ ਬਿਜਲੀ ਮੰਤਰਾਲੇ ਨੇ ਇਨ੍ਹਾਂ ਬਿਜਲੀ ਪਲਾਂਟਾਂ ਨੂੰ ਹੁਕਮ ਦਿਤਾ ਸੀ ਕਿ ਉਨ੍ਹਾਂ ਨੂੰ 16 ਮਾਰਚ ਤੋਂ 15 ਜੂਨ ਤਕ ਪੂਰੀ ਸਮਰਥਾ ਨਾਲ ਕੰਮ ਕਰਨਾ ਹੋਵੇਗਾ ਦੇਸ਼ ਅੰਦਰ ਬਿਜਲੀ ਦੀ ਉਪਲਬਧਤਾ ਯਕੀਨੀ ਕਰਨ ਲਈ ਬਿਜਲੀ ਐਕਟ, 2003 ਦੀ ਧਾਰਾ 11 ਤਹਿਤ ਹੁਕਮ ਜਾਰੀ ਕੀਤੇ ਗਏ ਸਨ।
ਹੁਣ ਮੰਤਰਾਲੇ ਨੇ ਇਸ ਮਿਆਦ ਨੂੰ ਵਧਾ ਕੇ 30 ਸਤੰਬਰ, 2023 ਤਕ ਲਈ ਵਧਾ ਦਿਤਾ ਹੈ। ਬੀਤੀ 9 ਜੂਨ ਨੂੰ ਇਸ ਮੌਸਮ ਦੀ ਇਕ ਦਿਨ ਦੀ ਸਰਬਉੱਚ ਬਿਜਲੀ ਮੰਗ ਆਈ ਸੀ। ਉਸ ਦਿਨ ਦੇਸ਼ ਭਰ ’ਚ 223.23 ਗੀਗਾਵਾਟ ਬਿਜਲੀ ਦੀ ਸਪਲਾਈ ਕੀਤੀ ਗਈ ਸੀ। ਇਸ ਸਾਲ ਸਭ ਤੋਂ ਵੱਧ ਇਕ ਦਿਨ ਦੀ ਮੰਗ 230 ਗੀਗਾਵਾਟ ਰਹਿਣ ਦਾ ਅੰਦਾਜ਼ਾ ਪ੍ਰਗਟਾਇਆ ਗਿਆ ਹੈ।
ਹਾਲਾਂਕਿ ਅਪ੍ਰੈਲ-ਮਈ ਦੇ ਮਹੀਨਿਆਂ ਦੌਰਾਨ ਮੌਸਮੀ ਤਬਦੀਲੀਆਂ ਕਰਕੇ ਬਿਜਲੀ ਦੀ ਜ਼ਿਆਦਾ ਖਪਤ ਵਾਲੇ ਏਅਰ ਕੰਡੀਸ਼ਨਰ ਅਤੇ ਫ਼ਰਿੱਜਾਂ ਦਾ ਪ੍ਰਯੋਗ ਘੱਟ ਹੋਇਆ ਸੀ। ਪਰ ਜੂਨ ’ਚ ਗਰਮੀ ਕਾਫ਼ੀ ਵਧ ਗਈ ਹੈ।