ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਮਾਮੂਲੀ ਘਟੀਆਂ
ਨਵੀਂ ਦਿੱਲੀ: ਪ੍ਰਚੂਨ ਮਹਿੰਗਾਈ ਮਈ ’ਚ ਘੱਟ ਕੇ ਇਕ ਸਾਲ ਦੇ ਹੇਠਲੇ ਪੱਧਰ 4.75 ਫੀ ਸਦੀ ’ਤੇ ਆ ਗਈ। ਬੁਧਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਖਪਤਕਾਰ ਮੁੱਲ ਸੂਚਕ ਅੰਕ (ਸੀ.ਪੀ.ਆਈ.) ’ਤੇ ਆਧਾਰਤ ਪ੍ਰਚੂਨ ਮਹਿੰਗਾਈ ’ਚ ਮਈ ’ਚ ਜਨਵਰੀ ਤੋਂ ਗਿਰਾਵਟ ਦਾ ਰੁਝਾਨ ਜਾਰੀ ਹੈ।
ਪ੍ਰਚੂਨ ਮਹਿੰਗਾਈ ਅਪ੍ਰੈਲ ’ਚ 4.83 ਫੀ ਸਦੀ ਰਹੀ, ਜੋ ਮਈ 2023 ’ਚ 4.31 ਫੀ ਸਦੀ ਸੀ। ਕੌਮੀ ਅੰਕੜਾ ਦਫਤਰ (ਐੱਨ. ਐੱਸ. ਓ.) ਵਲੋਂ ਜਾਰੀ ਅੰਕੜਿਆਂ ਮੁਤਾਬਕ ਮਈ ’ਚ ਖੁਰਾਕੀ ਵਸਤਾਂ ’ਚ ਮਹਿੰਗਾਈ ਦਰ 8.69 ਫੀ ਸਦੀ ਰਹੀ, ਜੋ ਅਪ੍ਰੈਲ ’ਚ 8.70 ਫੀ ਸਦੀ ਸੀ। ਜਨਵਰੀ, 2024 ਤੋਂ, ਮੁੱਖ ਮਹਿੰਗਾਈ ’ਚ ਹੌਲੀ ਹੌਲੀ ਗਿਰਾਵਟ ਵੇਖੀ ਗਈ ਹੈ। ਫ਼ਰਵਰੀ ’ਚ ਇਹ 5.1 ਫ਼ੀ ਸਦੀ ਸੀ ਅਤੇ ਅਪ੍ਰੈਲ ’ਚ ਘਟ ਕੇ 4.8 ਫ਼ੀ ਸਦੀ ਹੋ ਗਈ ਸੀ।
ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਸੀ.ਪੀ.ਆਈ. ’ਤੇ ਅਧਾਰਤ ਆਲ ਇੰਡੀਆ ਮਹਿੰਗਾਈ ਇਕ ਸਾਲ ਪਹਿਲਾਂ ਮਈ, 2024 ਦੇ ਮਹੀਨੇ ਤੋਂ ਬਾਅਦ ਸੱਭ ਤੋਂ ਘੱਟ ਹੈ, ਜਦੋਂ ਇਹ 4.31 ਫ਼ੀ ਸਦੀ ਸੀ। ਇਹ ਸਤੰਬਰ 2023 ਤੋਂ 6 ਫ਼ੀ ਸਦੀ ਤੋਂ ਹੇਠਾਂ ਰਿਹਾ ਹੈ।
ਮਈ ਦੌਰਾਨ ਸਬਜ਼ੀਆਂ ਦੀਆਂ ਕੀਮਤਾਂ ਅਪ੍ਰੈਲ ਦੇ ਮੁਕਾਬਲੇ ਜ਼ਿਆਦਾ ਸਨ, ਜਦਕਿ ਫਲਾਂ ਦੇ ਮਾਮਲੇ ਵਿਚ ਸਥਿਤੀ ਉਲਟ ਸੀ। ਸਰਕਾਰ ਨੇ ਆਰ.ਬੀ.ਆਈ. ਨੂੰ 2 ਫ਼ੀ ਸਦੀ ਦੇ ਮਾਰਜਨ ਨਾਲ ਪ੍ਰਚੂਨ ਮਹਿੰਗਾਈ ਨੂੰ 4 ਫ਼ੀ ਸਦੀ ’ਤੇ ਬਣਾਈ ਰੱਖਣ ਦਾ ਹੁਕਮ ਦਿਤਾ ਹੈ। ਇਸ ਪ੍ਰਚੂਨ ਮਹਿੰਗਾਈ ਨੂੰ ਧਿਆਨ ’ਚ ਰਖਦੇ ਹੋਏ ਰਿਜ਼ਰਵ ਬੈਂਕ ਨੀਤੀਗਤ ਵਿਆਜ ਦਰਾਂ ਬਾਰੇ ਫੈਸਲਾ ਲੈਂਦਾ ਹੈ।
ਰਿਜ਼ਰਵ ਬੈਂਕ ਨੇ ਜੂਨ ’ਚ ਅਪਣੀ ਦੁਮਾਹੀ ਮੁਦਰਾ ਨੀਤੀ ਸਮੀਖਿਆ ’ਚ ਚਾਲੂ ਵਿੱਤੀ ਸਾਲ ’ਚ ਪ੍ਰਚੂਨ ਮਹਿੰਗਾਈ ਦਰ 4.5 ਫੀ ਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ। ਪਹਿਲੀ ਤਿਮਾਹੀ ’ਚ ਇਹ 4.9 ਫੀ ਸਦੀ , ਦੂਜੀ ਤਿਮਾਹੀ ’ਚ 3.8 ਫੀ ਸਦੀ , ਤੀਜੀ ਤਿਮਾਹੀ ’ਚ 4.6 ਫੀ ਸਦੀ ਅਤੇ ਚੌਥੀ ਤਿਮਾਹੀ ’ਚ 4.5 ਫੀ ਸਦੀ ਰਹਿਣ ਦੀ ਉਮੀਦ ਹੈ।
ਰੇਟਿੰਗ ਏਜੰਸੀ ਆਈ.ਸੀ.ਆਰ.ਏ. ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਪ੍ਰਚੂਨ ਮਹਿੰਗਾਈ ’ਤੇ ਟਿਪਣੀ ਕਰਦਿਆਂ ਕਿਹਾ ਕਿ ਮਈ ਦੇ ਮੁਕਾਬਲੇ ਜੂਨ ’ਚ ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਕੁੱਝ ਹੱਦ ਤਕ ਘੱਟ ਹੋਵੇਗੀ, ਜਦਕਿ ਹੋਰ ਉਪ-ਸਮੂਹ 7 ਫੀ ਸਦੀ ਤੋਂ ਉੱਪਰ ਰਹਿਣਗੇ।
ਨਾਇਰ ਨੇ ਕਿਹਾ ਕਿ ਇਸ ਨਾਲ ਜੂਨ 2024 ’ਚ ਪ੍ਰਚੂਨ ਮਹਿੰਗਾਈ ਦਰ 5 ਫੀ ਸਦੀ ਤੋਂ ਹੇਠਾਂ ਰੱਖਣ ’ਚ ਮਦਦ ਮਿਲੇਗੀ। ਇਸ ਤੋਂ ਬਾਅਦ ਜੁਲਾਈ ਅਤੇ ਅਗੱਸਤ ’ਚ ਪ੍ਰਚੂਨ ਮਹਿੰਗਾਈ ਦਰ ਤੇਜ਼ੀ ਨਾਲ ਘੱਟ ਕੇ 2.5-3.5 ਫੀ ਸਦੀ ਰਹਿਣ ਦੀ ਉਮੀਦ ਹੈ। ਐਨ.ਐਸ.ਓ. ਦੇ ਅੰਕੜਿਆਂ ਤੋਂ ਇਹ ਵੀ ਪਤਾ ਲਗਦਾ ਹੈ ਕਿ ਪੇਂਡੂ ਖੇਤਰਾਂ ’ਚ ਪ੍ਰਚੂਨ ਮਹਿੰਗਾਈ 5.28 ਫ਼ੀ ਸਦੀ ਸੀ, ਜਦਕਿ ਸ਼ਹਿਰੀ ਖੇਤਰਾਂ ’ਚ ਇਹ 4.15 ਫ਼ੀ ਸਦੀ ਸੀ।
ਆਂਧਰਾ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਹਰਿਆਣਾ, ਕਰਨਾਟਕ, ਕੇਰਲ, ਓਡੀਸ਼ਾ, ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ’ਚ ਮਹਿੰਗਾਈ ਦਰ ਕੌਮੀ ਔਸਤ 4.75 ਫੀ ਸਦੀ ਤੋਂ ਉੱਪਰ ਰਹੀ। ਓਡੀਸ਼ਾ ’ਚ ਇਹ ਸੱਭ ਤੋਂ ਵੱਧ 6.25 ਫ਼ੀ ਸਦੀ ਸੀ ਜਦਕਿ ਦਿੱਲੀ ’ਚ ਸੱਭ ਤੋਂ ਘੱਟ ਮਹਿੰਗਾਈ 1.99 ਫ਼ੀ ਸਦੀ ਦਰਜ ਕੀਤੀ ਗਈ ਸੀ।
ਐਨਐਸਓ ਹਫਤਾਵਾਰੀ ਆਧਾਰ ’ਤੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 1,114 ਚੁਣੇ ਹੋਏ ਸ਼ਹਿਰੀ ਬਾਜ਼ਾਰਾਂ ਅਤੇ 1,181 ਪਿੰਡਾਂ ਤੋਂ ਕੀਮਤਾਂ ਦੇ ਅੰਕੜੇ ਇਕੱਤਰ ਕਰਦਾ ਹੈ। ਮਈ ’ਚ, ਐਨਐਸਓ ਨੇ 100 ਪਿੰਡਾਂ ਅਤੇ 98.5 ਫ਼ੀ ਸਦੀ ਸ਼ਹਿਰੀ ਬਾਜ਼ਾਰਾਂ ਤੋਂ ਕੀਮਤਾਂ ਇਕੱਤਰ ਕੀਤੀਆਂ।