
ਖਾਣ-ਪੀਣ ਦੀਆਂ ਚੀਜ਼ਾਂ ’ਚ ਕਮੀ ਕਾਰਨ ਜੁਲਾਈ ’ਚ ਮਹਿੰਗਾਈ ਦਰ ਘਟ ਕੇ 3.54 ਫੀ ਸਦੀ ਹੋਈ
ਨਵੀਂ ਦਿੱਲੀ: ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਗਿਰਾਵਟ ਅਤੇ ਤੁਲਨਾਤਮਕ ਆਧਾਰ ਪ੍ਰਭਾਵ ਕਾਰਨ ਪ੍ਰਚੂਨ ਮਹਿੰਗਾਈ ਜੁਲਾਈ ’ਚ ਘੱਟ ਕੇ 3.54 ਫੀ ਸਦੀ ’ਤੇ ਆ ਗਈ। ਸੋਮਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ’ਚ ਇਹ ਜਾਣਕਾਰੀ ਦਿਤੀ ਗਈ। ਲਗਭਗ ਪੰਜ ਸਾਲਾਂ ’ਚ ਇਹ ਪਹਿਲਾ ਮੌਕਾ ਹੈ ਜਦੋਂ ਮਹਿੰਗਾਈ ਭਾਰਤੀ ਰਿਜ਼ਰਵ ਬੈਂਕ ਦੇ 4 ਫ਼ੀ ਸਦੀ ਦੇ ਟੀਚੇ ਤੋਂ ਹੇਠਾਂ ਆਈ ਹੈ। ਸਤੰਬਰ 2023 ਤੋਂ ਮਹਿੰਗਾਈ 6 ਫ਼ੀ ਸਦੀ ਤੋਂ ਹੇਠਾਂ ਰਹੀ ਹੈ।
ਖਪਤਕਾਰ ਮੁੱਲ ਸੂਚਕ ਅੰਕ (ਸੀ.ਪੀ.ਆਈ.) ’ਤੇ ਆਧਾਰਤ ਪ੍ਰਚੂਨ ਮਹਿੰਗਾਈ ਇਸ ਸਾਲ ਜੂਨ ’ਚ 5.08 ਫੀ ਸਦੀ ਸੀ। ਪਿਛਲੇ ਸਾਲ ਜੁਲਾਈ ’ਚ ਇਹ 7.44 ਫ਼ੀ ਸਦੀ ਸੀ। ਕੌਮੀ ਅੰਕੜਾ ਦਫਤਰ (ਐੱਨ.ਐੱਸ.ਓ.) ਵਲੋਂ ਜਾਰੀ ਅੰਕੜਿਆਂ ਮੁਤਾਬਕ ਜੁਲਾਈ ’ਚ ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਦਰ 5.42 ਫੀ ਸਦੀ ਰਹੀ। ਜੂਨ ’ਚ ਇਹ 9.36 ਫੀ ਸਦੀ ਸੀ। ਇਸ ਤੋਂ ਪਹਿਲਾਂ ਸਤੰਬਰ 2019 ’ਚ ਪ੍ਰਚੂਨ ਮਹਿੰਗਾਈ ਦਰ 4 ਫੀ ਸਦੀ ਤੋਂ ਹੇਠਾਂ ਸੀ।
ਸਰਕਾਰ ਨੇ ਆਰ.ਬੀ.ਆਈ. ਨੂੰ 2 ਫ਼ੀ ਸਦੀ ਦੇ ਮਾਰਜਨ ਨਾਲ ਪ੍ਰਚੂਨ ਮਹਿੰਗਾਈ ਨੂੰ 4 ਫ਼ੀ ਸਦੀ ’ਤੇ ਬਣਾਈ ਰੱਖਣ ਦਾ ਹੁਕਮ ਦਿਤਾ ਹੈ। ਅੰਕੜਿਆਂ ਤੋਂ ਇਹ ਵੀ ਪਤਾ ਲਗਦਾ ਹੈ ਕਿ ਦੁੱਧ ਅਤੇ ਦੁੱਧ ਉਤਪਾਦਾਂ ਦੀ ਸਾਲਾਨਾ ਮਹਿੰਗਾਈ 2.99 ਫ਼ੀ ਸਦੀ ਅਤੇ ਫਲਾਂ ਦੀ 3.84 ਫ਼ੀ ਸਦੀ ਸੀ। ਮਸਾਲੇ 1.43 ਫੀ ਸਦੀ ਡਿੱਗੇ, ਜਦਕਿ ਤੇਲ ਅਤੇ ਚਰਬੀ ’ਚ 1.17 ਫੀ ਸਦੀ ਦੀ ਗਿਰਾਵਟ ਆਈ।
ਐਨ.ਐਸ.ਓ. ਨੇ ਕਿਹਾ ਕਿ ਸਬਜ਼ੀਆਂ ਦੀਆਂ ਕੀਮਤਾਂ ’ਚ ਵਾਧਾ 6.83 ਫ਼ੀ ਸਦੀ ਅਤੇ ਅਨਾਜ, ਅਨਾਜ ਅਤੇ ਉਤਪਾਦਾਂ ਲਈ 8.14 ਫ਼ੀ ਸਦੀ ਸੀ। ਫ਼ਿਊਲ ਅਤੇ ਬਿਜਲੀ ਦੇ ਮਾਮਲੇ ’ਚ ਮਹਿੰਗਾਈ ਦਰ ’ਚ 5.48 ਫੀ ਸਦੀ ਦੀ ਗਿਰਾਵਟ ਰਹੀ ਹੈ। ਐਨ.ਐਸ.ਓ. ਦੇ ਅੰਕੜਿਆਂ ਤੋਂ ਇਹ ਵੀ ਪਤਾ ਲਗਦਾ ਹੈ ਕਿ ਪੇਂਡੂ ਭਾਰਤ ’ਚ ਮਹਿੰਗਾਈ ਕੌਮੀ ਔਸਤ ਨਾਲੋਂ ਵੱਧ 4.1 ਫ਼ੀ ਸਦੀ ਸੀ, ਜਦਕਿ ਸ਼ਹਿਰੀ ਖੇਤਰਾਂ ’ਚ ਇਹ 2.98 ਫ਼ੀ ਸਦੀ ਸੀ।
ਸੂਬਿਆਂ ’ਚ ਬਿਹਾਰ ’ਚ ਮਹਿੰਗਾਈ ਦਰ ਸੱਭ ਤੋਂ ਵੱਧ 5.87 ਫੀ ਸਦੀ ਅਤੇ ਝਾਰਖੰਡ ’ਚ ਸੱਭ ਤੋਂ ਘੱਟ 1.72 ਫੀ ਸਦੀ ਰਹੀ। ਅੰਕੜਿਆਂ ’ਤੇ ਟਿਪਣੀ ਕਰਦਿਆਂ ਆਈ.ਸੀ.ਆਰ.ਏ. ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ ਕਿ ਜੁਲਾਈ ’ਚ ਸੀ.ਪੀ.ਆਈ. ਮਹਿੰਗਾਈ ’ਚ ਨਰਮੀ ਆਉਣ ਦੀ ਉਮੀਦ ਹੈ। ਇਹ ਇਸ ਮਹੀਨੇ ਲਈ ਆਈ.ਸੀ.ਆਰ.ਏ. ਦੇ ਅਨੁਮਾਨ ਤੋਂ ਥੋੜ੍ਹਾ ਘੱਟ ਹੈ। ਉਨ੍ਹਾਂ ਕਿਹਾ ਕਿ ਅਗੱਸਤ-ਸਤੰਬਰ 2024 ਦੌਰਾਨ ਆਮ ਤੋਂ ਵੱਧ ਮੀਂਹ ਦੀ ਭਵਿੱਖਬਾਣੀ ਸਾਉਣੀ ਦੀਆਂ ਫਸਲਾਂ ਲਈ ਚੰਗਾ ਸੰਕੇਤ ਹੈ, ਹਾਲਾਂਕਿ ਕੁੱਝ ਸੂਬਿਆਂ ’ਚ ਭਾਰੀ ਬਾਰਸ਼ ਅਤੇ ਹੜ੍ਹਾਂ ਦੀਆਂ ਘਟਨਾਵਾਂ ਖੜੀਆਂ ਫਸਲਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।