ਰੁਪਏ ਦੀ ਕੀਮਤ ’ਚ ਦੋ ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ, ਕਾਂਗਰਸ ਨੇ ਵਿੰਨ੍ਹਿਆ ਪ੍ਰਧਾਨ ਮੰਤਰੀ ਮੋਦੀ ’ਤੇ ਨਿਸ਼ਾਨਾ
Published : Jan 13, 2025, 5:06 pm IST
Updated : Jan 13, 2025, 9:27 pm IST
SHARE ARTICLE
Rupee Vs Dollar
Rupee Vs Dollar

ਡਾਲਰ ਦੇ ਮੁਕਾਬਲੇ 58 ਪੈਸੇ ਡਿੱਗ ਕੇ 86.62 ਦੇ ਨਵੇਂ ਰੀਕਾਰਡ ਹੇਠਲੇ ਪੱਧਰ ’ਤੇ

ਮੁੰਬਈ : ਅਮਰੀਕੀ ਮੁਦਰਾ ’ਚ ਮਜ਼ਬੂਤੀ ਅਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧੇ ਦੇ ਵਿਚਕਾਰ ਸੋਮਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 58 ਪੈਸੇ ਦੀ ਵੱਡੀ ਗਿਰਾਵਟ ਨਾਲ 86.62 ਦੇ ਨਵੇਂ ਰੀਕਾਰਡ ਹੇਠਲੇ ਪੱਧਰ 86.62 (ਅਸਥਾਈ) ’ਤੇ ਬੰਦ ਹੋਇਆ। 

ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਰੁਪਿਆ 86.12 ਦੇ ਪੱਧਰ ’ਤੇ ਖੁੱਲ੍ਹਿਆ ਅਤੇ ਕਾਰੋਬਾਰ ਦੌਰਾਨ ਇਕ ਵਾਰ ਦੇ ਹੇਠਲੇ ਪੱਧਰ 86.11 ਦੇ ਪੱਧਰ ਨੂੰ ਛੂਹ ਗਿਆ। ਪਰ ਜ਼ਿਆਦਾਤਰ ਹਿੱਸੇ ਲਈ ਇਹ ਨਕਾਰਾਤਮਕ ਘੇਰੇ ’ਚ ਰਿਹਾ। ਕਾਰੋਬਾਰ ਦੇ ਅੰਤ ’ਚ ਰੁਪਿਆ 58 ਪੈਸੇ ਦੀ ਗਿਰਾਵਟ ਨਾਲ 86.62 ਦੇ ਹੇਠਲੇ ਪੱਧਰ ’ਤੇ ਬੰਦ ਹੋਇਆ। ਦੋ ਸਾਲਾਂ ਦੇ ਕਾਰੋਬਾਰੀ ਸੈਸ਼ਨ ’ਚ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ’ਚ ਇਹ ਸੱਭ ਤੋਂ ਵੱਡੀ ਗਿਰਾਵਟ ਹੈ। ਇਸ ਤੋਂ ਪਹਿਲਾਂ 6 ਫ਼ਰਵਰੀ 2023 ਨੂੰ ਰੁਪਏ ’ਚ 68 ਪੈਸੇ ਦੀ ਵੱਡੀ ਗਿਰਾਵਟ ਆਈ ਸੀ। 

ਪਿਛਲੇ ਦੋ ਹਫਤਿਆਂ ’ਚ ਰੁਪਏ ’ਚ ਆਮ ਤੌਰ ’ਤੇ ਗਿਰਾਵਟ ਦਾ ਰੁਝਾਨ ਰਿਹਾ ਹੈ। 30 ਦਸੰਬਰ ਨੂੰ 85.52 ਦੇ ਪੱਧਰ ’ਤੇ ਬੰਦ ਹੋਣ ਤੋਂ ਬਾਅਦ ਪਿਛਲੇ ਦੋ ਹਫਤਿਆਂ ’ਚ ਰੁਪਏ ’ਚ ਇਕ ਰੁਪਏ ਤੋਂ ਜ਼ਿਆਦਾ ਦੀ ਭਾਰੀ ਗਿਰਾਵਟ ਵੇਖਣ ਨੂੰ ਮਿਲੀ ਹੈ। ਰੁਪਿਆ ਪਹਿਲੀ ਵਾਰ 19 ਦਸੰਬਰ 2024 ਨੂੰ 85 ਰੁਪਏ ਪ੍ਰਤੀ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਿਆ ਸੀ। ਰੁਪਿਆ ਸ਼ੁਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 86.04 ’ਤੇ ਬੰਦ ਹੋਇਆ ਸੀ। 

ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਏ ਦੀ ਕੀਮਤ ’ਚ ਭਾਰੀ ਗਿਰਾਵਟ ਦਾ ਕਾਰਨ ਡਾਲਰ ਦੀ ਲਗਾਤਾਰ ਵਧਦੀ ਮੰਗ ਅਤੇ ਭਾਰਤੀ ਬਾਜ਼ਾਰਾਂ ਤੋਂ ਵਿਦੇਸ਼ੀ ਨਿਵੇਸ਼ਕਾਂ ਦੀ ਵਾਪਸੀ ਹੈ। ਅਸਥਾਈ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸ਼ੁਕਰਵਾਰ ਨੂੰ 2,254.68 ਕਰੋੜ ਰੁਪਏ ਦੇ ਸ਼ੇਅਰ ਵੇਚੇ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਇਸ ਮਹੀਨੇ ਹੁਣ ਤਕ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ ਕਰੀਬ 22,194 ਕਰੋੜ ਰੁਪਏ ਕੱਢੇ ਹਨ। 

ਵਿਸ਼ਲੇਸ਼ਕਾਂ ਮੁਤਾਬਕ ਵਿਦੇਸ਼ੀ ਮੁਦਰਾ ਭੰਡਾਰ ’ਚ ਨਰਮੀ ਅਤੇ ਉਭਰਦੇ ਬਾਜ਼ਾਰਾਂ ਦੀਆਂ ਮੁਦਰਾਵਾਂ ’ਚ ਗਿਰਾਵਟ ਦੇ ਵਿਚਕਾਰ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ’ਚ ਗਿਰਾਵਟ ਦੀ ਇਜਾਜ਼ਤ ਦਿਤੀ ਹੈ। ਫਿਨਰੇਕਸ ਟ੍ਰੇਜ਼ਰੀ ਐਡਵਾਈਜ਼ਰਜ਼ ਐਲਐਲਪੀ ਦੇ ਖਜ਼ਾਨਾ ਮੁਖੀ ਅਤੇ ਕਾਰਜਕਾਰੀ ਨਿਰਦੇਸ਼ਕ ਅਨਿਲ ਕੁਮਾਰ ਭੰਸਾਲੀ ਨੇ ਕਿਹਾ ਕਿ ਆਰ.ਬੀ.ਆਈ. ਰੁਪਏ ’ਚ ਕਮਜ਼ੋਰੀ ਦੀ ਇਜਾਜ਼ਤ ਦੇਵੇਗਾ ਕਿਉਂਕਿ ਡਾਲਰ ਦੀ ਮੰਗ ਵਧ ਰਹੀ ਹੈ ਅਤੇ ਸਪਲਾਈ ਘੱਟ ਰਹੀ ਹੈ।

ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 3 ਜਨਵਰੀ ਨੂੰ ਖਤਮ ਹਫਤੇ ’ਚ 5.69 ਅਰਬ ਡਾਲਰ ਘੱਟ ਕੇ 634.58 ਅਰਬ ਡਾਲਰ ਰਹਿ ਗਿਆ। ਵਿਸ਼ਲੇਸ਼ਕਾਂ ਮੁਤਾਬਕ ਅਮਰੀਕੀ ਬਾਜ਼ਾਰ ’ਚ ਉਮੀਦ ਤੋਂ ਬਿਹਤਰ ਰੁਜ਼ਗਾਰ ਅੰਕੜਿਆਂ ਕਾਰਨ ਇਸੇ ਮਿਆਦ ’ਚ ਡਾਲਰ ਮਜ਼ਬੂਤ ਹੋਇਆ, ਜਿਸ ਨਾਲ ਅਮਰੀਕੀ ਬਾਂਡ ਯੀਲਡ ’ਚ ਵੀ ਵਾਧਾ ਹੋਇਆ ਹੈ। 

ਇਸ ਤੋਂ ਇਲਾਵਾ ਅਮਰੀਕਾ ਨੇ ਰੂਸ ’ਤੇ ਨਵੀਆਂ ਪਾਬੰਦੀਆਂ ਲਗਾ ਦਿਤੀਆਂ ਹਨ, ਜਿਸ ਨਾਲ ਕੌਮਾਂਤਰੀ ਤੇਲ ਸਟੈਂਡਰਡ ਬ੍ਰੈਂਟ ਕਰੂਡ 81 ਡਾਲਰ ਪ੍ਰਤੀ ਬੈਰਲ ਦੇ ਨੇੜੇ ਆ ਗਿਆ ਹੈ। ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਵੀਂ ਸਰਕਾਰ ਦੇ ਸੱਤਾ ’ਚ ਆਉਣ ’ਤੇ ਪਾਬੰਦੀਸ਼ੁਦਾ ਵਪਾਰ ਉਪਾਵਾਂ ਦੀ ਉਮੀਦ ’ਚ ਨਿਵੇਸ਼ਕ ਪਹਿਲਾਂ ਹੀ ਸਾਵਧਾਨ ਹਨ।

ਪ੍ਰਧਾਨ ਮੰਤਰੀ ਤਾਂ 75 ਸਾਲ ਦੇ ਵੀ ਨਹੀਂ ਹੋਏ, ਰੁਪਿਆ ਪਹਿਲਾਂ ਹੀ ਡਾਲਰ ਮੁਕਾਬਲੇ 86 ਤੋਂ ਪਾਰ ਹੋਇਆ : ਕਾਂਗਰਸ

ਨਵੀਂ ਦਿੱਲੀ : ਕਾਂਗਰਸ ਨੇ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ’ਚ ਗਿਰਾਵਟ ਨੂੰ ਲੈ ਕੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਇਸ ਸਾਲ ਦੇ ਅਖੀਰ ’ਚ 75 ਸਾਲ ਦੇ ਹੋਣ ਦੀ ਤਿਆਰੀ ਕਰ ਰਹੇ ਹਨ ਅਤੇ ਡਾਲਰ ਦੇ ਮੁਕਾਬਲੇ ਰੁਪਿਆ ਪਹਿਲਾਂ ਹੀ 86 ਨੂੰ ਪਾਰ ਕਰ ਚੁੱਕਾ ਹੈ।

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਜਦੋਂ ਮੋਦੀ ਜੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਤਾਂ ਉਹ 64 ਸਾਲ ਦੇ ਹੋਣ ਵਾਲੇ ਸਨ ਅਤੇ ਡਾਲਰ ਦੇ ਮੁਕਾਬਲੇ ਰੁਪਿਆ 58.58 ਦੇ ਪੱਧਰ ’ਤੇ ਸੀ। ਉਸ ਸਮੇਂ ਉਹ ਰੁਪਏ ਨੂੰ ਮਜ਼ਬੂਤ ਕਰਨ ਦੀਆਂ ਬਹੁਤ ਗੱਲਾਂ ਕਰਦੇ ਸਨ। ਉਨ੍ਹਾਂ ਨੇ ਇਸ ਦੀ ਕੀਮਤ ’ਚ ਗਿਰਾਵਟ ਨੂੰ ਪਾਰਟੀ ਦੇ ਸਾਬਕਾ ਪ੍ਰਧਾਨ ਮੰਤਰੀ (ਮਨਮੋਹਨ ਸਿੰਘ) ਦੀ ਉਮਰ ਨਾਲ ਵੀ ਜੋੜਿਆ ਸੀ।’’

ਉਨ੍ਹਾਂ ਅੱਗੇ ਕਿਹਾ, ‘‘ਹੁਣ ਵੇਖੋ, ਮੋਦੀ ਜੀ ਇਸ ਸਾਲ ਦੇ ਅੰਤ ਤਕ 75 ਸਾਲ ਦੇ ਹੋਣ ਦੀ ਤਿਆਰੀ ਕਰ ਰਹੇ ਹਨ ਅਤੇ ਡਾਲਰ ਦੇ ਮੁਕਾਬਲੇ ਰੁਪਿਆ ਪਹਿਲਾਂ ਹੀ 86 ਨੂੰ ਪਾਰ ਕਰ ਚੁੱਕਾ ਹੈ।’’ ਰਮੇਸ਼ ਨੇ ਦਾਅਵਾ ਕੀਤਾ ਕਿ ਜਿਵੇਂ-ਜਿਵੇਂ ਰੁਪਿਆ ਡਿੱਗ ਰਿਹਾ ਹੈ, ਮੋਦੀ ਜੀ ਅਪਣੇ ਹੀ ਖੋਦੇ ਖੱਡੇ ’ਚ ਫਸਦੇ ਜਾ ਰਹੇ ਹਨ। 

ਭਾਜਪਾ ਨੇ ਕੀਤਾ ਪਲਟਵਾਰ

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪਲਟਵਾਰ ਕਰਦਿਆਂ ਕਿਹਾ ਕਿ ਰੁਪਿਆ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਸਰਕਾਰ ਨਾਲੋਂ ਕਿਤੇ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਰੁਪਿਆ ਇਸ ਸਮੇਂ ਦੁਨੀਆਂ ਦੀ ਸੱਭ ਤੋਂ ਸਥਿਰ ਮੁਦਰਾਵਾਂ ’ਚੋਂ ਇਕ ਹੈ। ਰੁਪਿਆ ਸੋਮਵਾਰ ਨੂੰ ਲਗਾਤਾਰ ਦੂਜੇ ਸੈਸ਼ਨ ’ਚ ਗਿਰਾਵਟ ਜਾਰੀ ਰਿਹਾ ਅਤੇ 66 ਪੈਸੇ ਦੀ ਗਿਰਾਵਟ ਨਾਲ 86.70 ਰੁਪਏ ਪ੍ਰਤੀ ਡਾਲਰ ਦੇ ਨਵੇਂ ਸੱਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ। 

ਭਾਜਪਾ ਦੇ ਆਈ.ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਭਾਰਤ ਦੀ ਬਿਹਤਰ ਸਥਿਤੀ, ਘੱਟ ਵਿੱਤੀ ਘਾਟਾ ਅਤੇ ਮਜ਼ਬੂਤ ਵਿਦੇਸ਼ੀ ਮੁਦਰਾ ਭੰਡਾਰ ਨੇ ਰੁਪਏ ਨੂੰ ਵਿਸ਼ਵ ਪੱਧਰ ’ਤੇ ਸੱਭ ਤੋਂ ਸਥਿਰ ਮੁਦਰਾਵਾਂ ’ਚੋਂ ਇਕ ਬਣਾ ਦਿਤਾ ਹੈ। ਹਾਲਾਂਕਿ ਪਿਛਲੇ ਸਾਲ ਅਮਰੀਕੀ ਡਾਲਰ ਇੰਡੈਕਸ ’ਚ 9.8 ਫੀ ਸਦੀ ਦਾ ਵਾਧਾ ਹੋਇਆ ਸੀ ਪਰ ਰੁਪਏ ’ਚ 3.68 ਫੀ ਸਦੀ ਦੀ ਮਾਮੂਲੀ ਗਿਰਾਵਟ ਆਈ ਸੀ। ਇਹ ਕਈ ਪ੍ਰਮੁੱਖ ਮੁਦਰਾਵਾਂ ਜਿਵੇਂ ਕਿ ਜਾਪਾਨੀ ਯੇਨ ਅਤੇ ਕੋਰੀਆਈ ਵੋਨ ਨਾਲੋਂ ਬਿਹਤਰ ਪ੍ਰਦਰਸ਼ਨ ਹੈ।’’

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੌਰਾਨ ਇਸ ਸਥਿਰਤਾ ਦੀ ਤੁਲਨਾ ਯੂ.ਪੀ.ਏ. ਸਰਕਾਰ ਦੌਰਾਨ ਹੋਈ ਉਥਲ-ਪੁਥਲ ਨਾਲ ਕਰਦੇ ਹੋਏ 2011 ਤੋਂ 2013 ਦਰਮਿਆਨ ਰੁਪਏ ਦੀ ਲਗਾਤਾਰ ਗਿਰਾਵਟ ਅਤੇ ਗਿਰਾਵਟ ਹੋ ਰਹੀ ਸੀ। ਮਾਲਵੀਆ ਨੇ ਕਿਹਾ ਕਿ ਉਸ ਸਮੇਂ ਵਿਦੇਸ਼ੀ ਕਰਜ਼ਾ 21 ਫੀ ਸਦੀ ਦੀ ਦਰ ਨਾਲ ਵਧ ਰਿਹਾ ਸੀ ਅਤੇ ਐਨ.ਡੀ.ਏ. ਸਰਕਾਰ ਦੇ ਕਾਰਜਕਾਲ ਦੌਰਾਨ ਵਿਦੇਸ਼ੀ ਕਰਜ਼ੇ ਦੀ ਵਾਧਾ ਦਰ ਸਿਰਫ 4.5 ਫੀ ਸਦੀ ਸਾਲਾਨਾ ਤਕ ਸੀਮਤ ਰਹੀ ਹੈ। 

ਉਨ੍ਹਾਂ ਨੇ ਕੁੱਝ ਹੋਰ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਅਗਲੀ ਵਾਰ ਜਦੋਂ ਕੋਈ ਭਾਰਤੀ ਰੁਪਏ ਦੀ ਮਾੜੀ ਤਸਵੀਰ ਪੇਸ਼ ਕਰਦਾ ਹੈ ਤਾਂ ਉਸ ਨੂੰ ਯੂ.ਪੀ.ਏ. ਸਰਕਾਰ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਅਤੇ ਮੋਦੀ ਸਰਕਾਰ ਦੇ ਅਧੀਨ ਸ਼ਾਨਦਾਰ ਬਦਲਾਅ ਦੀ ਯਾਦ ਦਿਵਾਓ। ਰੁਪਿਆ ਅੱਜ ਦੁਨੀਆਂ ਦੀ ਸੱਭ ਤੋਂ ਸਥਿਰ ਮੁਦਰਾਵਾਂ ’ਚੋਂ ਇਕ ਹੈ ਅਤੇ ਇਹ ਕੋਈ ਇਤਫਾਕ ਨਹੀਂ ਹੈ।’’

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement