
ਸਾਰੇ ਗੈਸ ਅਧਾਰਤ ਪਲਾਂਟਾਂ ਨੂੰ ਦੋ ਮਹੀਨਿਆਂ ਲਈ ਚਾਲੂ ਰੱਖਣ ਲਈ ਕਿਹਾ ਗਿਆ
ਨਵੀਂ ਦਿੱਲੀ: ਸਰਕਾਰ ਨੇ ਇਸ ਵਾਰ ਲੰਮੀ ਗਰਮੀ ਦੇ ਮੌਸਮ ਦੀ ਭਵਿੱਖਬਾਣੀ ਕਾਰਨ ਬਿਜਲੀ ਦੀ ਮੰਗ ਵਧਣ ਦੇ ਮੱਦੇਨਜ਼ਰ ਸਾਰੇ ਗੈਸ ਅਧਾਰਤ ਬਿਜਲੀ ਉਤਪਾਦਨ ਕੇਂਦਰਾਂ ਨੂੰ 1 ਮਈ ਤੋਂ 30 ਜੂਨ ਤਕ ਅਪਣੇ ਪਲਾਂਟ ਚਾਲੂ ਰੱਖਣ ਦੇ ਹੁਕਮ ਦਿਤੇ ਹਨ।
ਗੈਸ-ਅਧਾਰਤ ਉਤਪਾਦਨ ਸਟੇਸ਼ਨਾਂ (ਜੀ.ਬੀ.ਐਸ.) ਦਾ ਇਕ ਵੱਡਾ ਹਿੱਸਾ ਵਰਤਮਾਨ ’ਚ ਵਰਤੋਂ ’ਚ ਨਹੀਂ ਹੈ, ਮੁੱਖ ਤੌਰ ਤੇ ਵਪਾਰਕ ਕਾਰਨਾਂ ਕਰਕੇ। ਮੰਤਰਾਲੇ ਨੇ ਇਸ ਗਰਮੀਆਂ (ਅਪ੍ਰੈਲ ਤੋਂ ਜੂਨ 2024) ’ਚ ਵੱਧ ਤੋਂ ਵੱਧ 260 ਗੀਗਾਵਾਟ ਬਿਜਲੀ ਦੀ ਮੰਗ ਦਾ ਅਨੁਮਾਨ ਲਗਾਇਆ ਹੈ। ਪਿਛਲੇ ਸਾਲ ਸਤੰਬਰ ’ਚ ਬਿਜਲੀ ਦੀ ਮੰਗ 243 ਗੀਗਾਵਾਟ ਦੇ ਸਿਖਰ ’ਤੇ ਪਹੁੰਚ ਗਈ ਸੀ। ਬਿਜਲੀ ਮੰਤਰਾਲੇ ਦੇ ਬਿਆਨ ਅਨੁਸਾਰ ਇਹ ਹੁਕਮ 1 ਮਈ, 2024 ਤੋਂ 30 ਜੂਨ, 2024 ਤਕ ਬਿਜਲੀ ਉਤਪਾਦਨ ਅਤੇ ਸਪਲਾਈ ਲਈ ਲਾਗੂ ਰਹਿਣਗੇ।
ਬਿਆਨ ਅਨੁਸਾਰ, ‘‘ਗੈਸ ਅਧਾਰਤ ਉਤਪਾਦਨ ਸਟੇਸ਼ਨਾਂ ਤੋਂ ਵੱਧ ਤੋਂ ਵੱਧ ਬਿਜਲੀ ਉਤਪਾਦਨ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੇ ਬਿਜਲੀ ਐਕਟ 2003 ਦੀ ਧਾਰਾ 11 ਤਹਿਤ ਸਾਰੇ ਗੈਸ ਅਧਾਰਤ ਉਤਪਾਦਨ ਸਟੇਸ਼ਨਾਂ ਨੂੰ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਦੇ ਤਹਿਤ, ਇਕ ਉਤਪਾਦਨ ਕੰਪਨੀ ਸਰਕਾਰ ਦੇ ਹੁਕਮਾਂ ’ਤੇ ਅਸਾਧਾਰਣ ਹਾਲਾਤ ’ਚ ਕਿਸੇ ਵੀ ਉਤਪਾਦਨ ਸਟੇਸ਼ਨ ਨੂੰ ਚਲਾ ਸਕਦੀ ਹੈ ਅਤੇ ਬਣਾਈ ਰੱਖ ਸਕਦੀ ਹੈ।’’