
55 ਫ਼ੀ ਸਦੀ ਲੋਕ ਬੈਂਕ ’ਚ 2000 ਰੁਪਏ ਦਾ ਨੋਟ ਜਮ੍ਹਾਂ ਕਰਨ ਦੀ ਯੋਜਨਾ ਬਣਾ ਰਹੇ ਹਨ
ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ 2000 ਰੁਪਏ ਦਾ ਨੋਟ ਚਲਨ ਤੋਂ ਬਾਹਰ ਕਰਨ ਮਗਰੋਂ ਲੋਕ ਅਪਣੇ ਕੋਲ ਮੌਜੂਦ ਇਸ ਮੁੱਲ ਵਰਗ ਦੇ ਨੋਟਾਂ ਦਾ ਪ੍ਰਯੋਗ ਮੁੱਖ ਤੌਰ ’ਤੇ ਪਟਰੌਲ-ਡੀਜ਼ਲ ਭਰਵਾਉਣ, ਗਹਿਣੇ ਖ਼ਰੀਦਣ ਅਤੇ ਘਰ ਦਾ ਸਮਾਨ ਖ਼ਰੀਦਣ ਲਈ ਕਰ ਰਹੇ ਹਨ। ਇਸ ਸਰਵੇਖਣ ’ਚ ਇਹ ਗੱਲ ਸਾਹਮਣੇ ਆਈ ਹੈ।
ਸੋਸ਼ਲ ਨੈੱਟਵਰਕ ਪਬਲਿਕ ਐਪ ਵਲੋਂ ਕੁਲ ਭਾਰਤੀ ਪੱਧਰ ’ਤੇ ਕੀਤੇ ਗਏ ਸਰਵੇਖਣ ਅਨੁਸਾਰ, 55 ਫ਼ੀ ਸਦੀ ਲੋਕ ਬੈਂਕ ’ਚ 2000 ਰੁਪਏ ਦਾ ਨੋਟ ਜਮ੍ਹਾਂ ਕਰਨ ਦੀ ਯੋਜਨਾ ਬਣਾ ਰਹੇ ਹਨ, ਜਦਕਿ 23 ਫ਼ੀ ਸਦੀ ਲੋਕ ਇਸ ਨੂੰ ਖ਼ਰਚ ਕਰਨ ਅਤੇ 22 ਫ਼ੀ ਸਦੀ ਇਨ੍ਹਾਂ ਨੂੰ ਬੈਂਕ ਜਾ ਕੇ ਬਦਲਵਾਉਣ ਲਈ ਤਿਆਰ ਹਨ।
ਆਰ.ਬੀ.ਆਈ. ਨੇ 19 ਮਈ ਨੂੰ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਹਾਲਾਂਕਿ ਲੋਕਾਂ ਨੂੰ ਇਹ ਨੋਟ ਅਪਣੇ ਖਾਤਿਆਂ ’ਚ ਜਮ੍ਹਾਂ ਕਰਨ ਜਾਂ ਬੈਂਕ ’ਚ ਬਦਲਣ ਲਈ 30 ਸਤੰਬਰ ਤਕ ਦਾ ਸਮਾਂ ਦਿਤਾ ਗਿਆ ਹੈ।
ਇਹ ਵੀ ਪੜ੍ਹੋ: ਪਛਮੀ ਬੰਗਾਲ ਪੰਚਾਇਤ ਚੋਣਾਂ ਲਈ ਕੇਂਦਰੀ ਬਲਾਂ ਦੀ ਤੈਨਾਤੀ ਦਾ ਹੁਕਮ
ਆਰ.ਬੀ.ਆਈ. ਨੇ ਹਾਲ ਹੀ ’ਚ ਕਿਹਾ ਸੀ ਕਿ ਲਗਭਗ ਦੋ ਹਫ਼ਤਿਆਂ ’ਚ ਹੀ ਚਲਨ ’ਚ ਮੌਜੂਦ 2000 ਰੁਪਏ ਦੇ ਲਗਭਗ ਅੱਧੇ ਨੋਟ ਵਾਪਸ ਆ ਚੁਕੇ ਹਨ। ਇਸ ਸਰਵੇ ’ਚ 22 ਸੂਬਿਆਂ ਦੇ ਇਕ ਲੱਖ ਤੋਂ ਵੱਧ ਲੋਕਾਂ ਨੂੰ ਸ਼ਾਮਲ ਕੀਤਾ ਗਿਆ।
ਸਰਵੇਖਣ ’ਚ ਕਿਹਾ ਗਿਆ ਕਿ 2000 ਰੁਪਏ ਦੇ ਨੋਟ ਲੋਕ ਪਟਰੌਲ ਅਤੇ ਡੀਜ਼ਲ, ਸੋਨੇ ਅਤੇ ਗਹਿਣੇ ਤੇ ਰੋਜ਼ਾਨਾ ਦਾ ਘਰ ਦਾ ਸਾਮਾਨ ਖ਼ਰੀਦਣ ਲਈ ਖ਼ਰਚ ਕਰ ਰਹੇ ਹਨ। ਸਰਵੇਖਣ ’ਚ ਸ਼ਾਮਲ 61 ਫ਼ੀ ਸਦੀ ਲੋਕਾਂ ਨੇ ਕਿਹਾ ਕਿ ਇਸ ਪ੍ਰਕਿਰਿਆ ’ਚ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆ ਰਹੀ ਹੈ। ਸਰਵੇ ’ਚ ਸ਼ਾਮਲ 51 ਫ਼ੀ ਸਦੀ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਨੋਟ ਬਦਲਣ ਲਈ ਵੱਧ ਸਮਾਂ ਮਿਲਣਾ ਚਾਹੀਦਾ ਸੀ।