
ਕੰਪਨੀ ਨੇ ਅਪਣੇ 540 ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਇਆ
ਗੁਰੂਗ੍ਰਾਮ: ਆਟੋਮੋਬਾਈਲ ਸੈਕਟਰ ਵਿਚ ਆਈ ਮੰਦੀ ਹੁਣ ਹੋਰ ਵਿਰਾਟ ਰੂਪ ਧਾਰਨ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਇਸ ਮੰਦੀ ਨੇ ਹੁਣ ਹੋਰਨਾਂ ਖੇਤਰਾਂ ਵਿਚ ਵੀ ਅਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਮਸ਼ਹੂਰ ਆਨਲਾਈਨ ਫੂਡ ਡਿਲੀਵਰੀ ਕਰਨ ਵਾਲੀ ਕੰਪਨੀ ਜੋਮੈਟੋ ’ਤੇ ਵੀ ਇਸ ਮੰਦੀ ਦੀ ਲਪੇਟ ਵਿਚ ਆ ਗਈ ਹੈ, ਜਿਸ ਕਾਰਨ ਕੰਪਨੀ ਨੇ ਅਪਣੇ 540 ਕਰਮਚਾਰੀਆਂ ਨੂੰ ਨੌਕਰੀ ਤੋਂ ਲਾਂਭੇ ਕਰ ਦਿੱਤਾ ਹੈ।
Zomato
ਜਾਣਕਾਰੀ ਮੁਤਾਬਕ ਕੰਪਨੀ ਨੇ ਅਪਣੇ ਗੁਰੂਗ੍ਰਾਮ ਸਥਿਤ ਹੈੱਡ ਆਫਿਸ ਵਿਚ ਤਾਇਨਾਤ ਕਸਟਮਰ, ਮਰਚੈਂਟ ਅਤੇ ਡਿਲੀਵਰੀ ਪਾਰਟਨਰ ਸਪੋਰਟ ਟੀਮਾਂ ਵਿਚੋਂ ਇਹ ਛਾਂਟੀ ਕੀਤੀ ਹੈ ਜਦਕਿ ਇਸ ਤੋਂ ਪਿਛਲੇ ਮਹੀਨੇ ਵੀ ਜੋਮੈਟੋ ਨੇ ਅਪਣੇ 60 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਸੀ। ਇਸ ਛਾਂਟੀ ਤੋਂ ਸਾਫ਼ ਜ਼ਾਹਰ ਹੁੰਦੈ ਕਿ ਜੋਮੈਟੋ ’ਤੇ ਵੀ ਮੰਦੀ ਦੀ ਮਾਰ ਦਾ ਅਸਰ ਦਿਸਣ ਲੱਗਿਆ ਹੈ। ਹਾਲਾਂਕਿ ਕੰਪਨੀ ਨੇ ਤਕਨੀਕ ਦੇ ਬਿਹਤਰ ਹੋਣ ਨੂੰ ਇਸ ਦਾ ਕਾਰਨ ਦੱਸਿਆ ਹੈ, ਜਿਸ ਕਰਕੇ ਪਹਿਲਾਂ ਦੇ ਮੁਕਾਬਲੇ ਕਾਮਿਆਂ ਦੀ ਜ਼ਰੂਰਤ ਪਹਿਲਾਂ ਨਾਲੋਂ ਘਟ ਗਈ ਹੈ।
Zomato
ਕੰਪਨੀ ਦਾ ਕਹਿਣੈ ਕਿ ਤਕਨੀਕ ਇੰਟਰਫੇਸ ਵਿਚ ਸੁਧਾਰ ਦੇ ਚਲਦਿਆਂ ਹੁਣ ਕਸਟਮਰ ਨਾਲ ਜੁੜੀ ਪੁੱਛਗਿੱਛ ਵਿਚ ਕਮੀ ਆਈ ਹੈ। ਆਰਡਰਜ਼ ਨੂੰ ਲੈ ਕੇ ਸਪੋਰਟ ਦੀ ਲੋੜ ਵੀ ਘਟ ਗਈ ਹੈ। ਅਜਿਹੇ ਵਿਚ ਕੰਮ ਅਤੇ ਵਰਕਫੋਰਸ ਵਿਚ ਫ਼ਰਕ ਆਇਆ ਹੈ। ਉਂਝ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਜੋਮੈਟੋ ਨੇ ਅਪਣੇ ਕਰਮਚਾਰੀਆਂ ਦੀ ਛੁੱਟੀ ਕੀਤੀ ਹੈ। ਸਾਲ 2015 ਵਿਚ ਵੀ ਜੋਮੈਟੋ ਨੇ 300 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਉਸ ਸਮੇਂ ਇਹ ਗਿਣਤੀ ਜੋਮੈਟੋ ਦੇ ਕੁੱਲ ਕਰਮਚਾਰੀਆਂ ਦਾ 10 ਫ਼ੀਸਦੀ ਅੰਕੜਾ ਸੀ।
Zomato ਦੱਸ ਦਈਏ ਕਿ ਦੇਸ਼ ਦੀ ਅਰਥਵਿਵਸਥਾ ਇਸ ਸਮੇਂ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੀ ਹੈ। ਅਰਥਵਿਵਸਥਾ ਵਿਚ ਮੰਦੀ ਕਾਰਨ ਜ਼ਿਆਦਾਤਰ ਖੇਤਰ ਸੰਕਟ ਦਾ ਸਾਹਮਣਾ ਕਰ ਰਹੇ ਹਨ। ਆਰਥਿਕ ਸੁਸਤੀ ਦੇ ਕਾਰਨ ਜੀਡੀਪੀ ਵਾਧਾ ਦਰ 5 ਫ਼ੀਸਦੀ ਰਹਿ ਗਈ ਹੈ। ਵਿਨਿਰਮਾਣ ਖੇਤਰ ਦੀ ਦਰ ਅੱਧਾ ਫ਼ੀਸਦੀ ਰਹਿ ਗਈ ਹੈ, ਜੇਕਰ ਖੇਤੀ ਖੇਤਰ ਦੀ ਗੱਲ ਕਰੀਏ ਤਾਂ ਖੇਤੀ ਖੇਤਰ ਦੀ ਵਾਧਾ ਦਰ 2 ਫ਼ੀਸਦੀ ਰਹਿ ਗਈ ਹੈ। ਦੇਸ਼ ਦੇ ਜਨਤਕ ਖੇਤਰ ਦੇ ਬੈਂਕ ਘਾਟੇ ਵਿਚ ਹਨ। ਉਤਪਾਦਿਤ ਵਸਤੂਆਂ ਦੀ ਮੰਗ ਵਿਚ ਕਮੀ ਕਾਰਨ ਕੰਪਨੀਆਂ ਦਾ ਕਾਰੋਬਾਰ ਠੱਪ ਹੋ ਗਿਆ ਹੈ ਜਿਸ ਕਾਰਨ ਵੱਡੇ ਪੱਧਰ ’ਤੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ ਪਰ ਅਫ਼ਸੋਸ ਕਿ ਇੰਨੀ ਮਾੜੇ ਹਾਲਾਤ ਹੋਣ ਦੇ ਬਾਵਜੂਦ ਮੋਦੀ ਸਰਕਾਰ ਇਹ ਮੰਨਣ ਨੂੰ ਤਿਆਰ ਨਹੀਂ ਕਿ ਦੇਸ਼ ਵਿਚ ਆਰਥਿਕ ਮੰਦੀ ਆ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।