ਇਹ ਸਿਰਫ਼ ਇਕ MP ਦੇ ਦਿਤੇ ਭਾਸ਼ਣ ਦੀ ਗੂੰਜ ਨਹੀਂ ਬਲਕਿ ਇਸ ਦੇਸ਼ ਦੇ ਲੱਖਾਂ-ਕਰੋੜਾਂ ਮਿਹਨਤਕਸ਼ ਅਤੇ ਇਮਾਨਦਾਰ ਗਿੱਗ ਵਰਕਰਜ਼ ਦੇ ਸੰਘਰਸ਼ ਦੀ ਜਿੱਤ ਹੈ : ਰਾਘਵ ਚੱਢਾ
ਨਵੀਂ ਦਿੱਲੀ : Blinkit ਤੋਂ ਬਾਅਦ, ਪ੍ਰਮੁੱਖ ਤੇਜ਼ ਕਾਮਰਸ ਫਰਮਾਂ Zepto, Swiggy Instamart, ਅਤੇ Flipkart Minutes ਨੇ ਡਿਲਿਵਰੀ ਕਰਮਚਾਰੀਆਂ ਦੀ ਭਲਾਈ ਅਤੇ ਸੁਰੱਖਿਆ ਨੂੰ ਲੈ ਕੇ ਸਰਕਾਰ ਅਤੇ ਮਜ਼ਦੂਰ ਅਧਿਕਾਰ ਸਮੂਹਾਂ ਦੇ ਵੱਧ ਰਹੇ ਦਬਾਅ ਦੇ ਵਿਚਕਾਰ ਆਪਣੀ ‘10 ਮਿੰਟ’ ਦੀ ਡਿਲਿਵਰੀ ਬ੍ਰਾਂਡਿੰਗ ਨੂੰ ਖਤਮ ਕਰ ਦਿਤਾ ਹੈ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ‘ਡਿਲੀਵਰੀ ਰਾਇਡਰਜ਼’ ਨਾਲ ਮਿਲ ਕੇ ਉਨ੍ਹਾਂ ਨੂੰ 10 ਮਿੰਟਾਂ ਦੀ ਡਿਲੀਵਰੀ ਤੋਂ ਨਿਜਾਤ ਮਿਲਣ ਦੀ ਵਧਾਈ ਦਿਤੀ। ਉਨ੍ਹਾਂ ਇਸ ਨੂੰ ਗਿੱਗ ਵਰਕਰਜ਼ ਦੇ ਸੰਘਰਸ਼ ਦੀ ਜਿੱਤ ਦਸਿਆ ਅਤੇ ਕੇਂਦਰ ਸਰਕਾਰ ਦਾ ਵੀ ਧਨਵਾਦ ਕੀਤਾ।

ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਘਵ ਚੱਢਾ ਨੇ ਮਸ਼ਹੂਰ ਸ਼ੇਅਰ ਨੂੰ ਯਾਦ ਕਰਦਿਆਂ ਕਿਹਾ, ‘‘ਕੌਨ ਕਹਿਤਾ ਹੈ ਆਸਮਾਨ ’ਚ ਸੁਰਾਖ ਨਹੀਂ ਹੋ ਸਕਦਾ, ਏਕ ਪੱਥਰ ਤੋਂ ਤਬੀਅਤ ਸੇ ਉਛਾਲੋ ਯਾਰੋ।’’ ਉਨ੍ਹਾਂ ਅੱਗੇ ਕਿਹਾ, ‘‘ਅੱਜ ਡਿਲੀਵਰੀ ਰਾਇਡਰਸ ਨਾਲ ਮਿਲ ਕੇ ਉਨ੍ਹਾਂ ਨੂੰ 10 ਮਿੰਟ ਦੀ ਡਿਲੀਵਰੀ ਤੋਂ ਇਲਜਾਤ ਮਿਲਣ ਦੀ ਵਧਾਈ ਦਿਤੀ। ਇਹ ਸਿਰਫ਼ ਇਕ ਸੰਸਦ ਮੈਂਬਰ ਦੇ ਦਿਤੇ ਭਾਸ਼ਣ ਦੀ ਗੂੰਜ ਨਹੀਂ ਬਲਕਿ ਇਸ ਦੇਸ਼ ਦੇ ਲੱਖਾਂ-ਕਰੋੜਾਂ ਮਿਹਨਤਕਸ਼ ਅਤੇ ਇਮਾਨਦਾਰ ਗਿੱਗ ਵਰਕਰਜ਼ ਦੇ ਸੰਘਰਸ਼ ਦੀ ਜਿੱਤ ਹੈ। ਕੇਂਦਰ ਸਰਕਾਰ ਦਾ ਦਿਲ ਤੋਂ ਧਨਵਾਦ ਜਿਨ੍ਹਾਂ ਨੇ ਇਨ੍ਹਾਂ ਮਜਬੂਰ ਗਿੱਗ ਵਰਕਰਜ਼ ਦੇ ਦਰਦ ਨੂੰ ਸਮਝਿਆ। ਅੱਜ ਮੈਨੂੰ ਇਸ ਗੱਲ ਦਾ ਸੰਤੋਸ਼ ਹੈ ਕਿ ਹੁਣ ਦੇਸ਼ ’ਚ ਇਸ ਮੁੱਦੇ ਉਤੇ ਸਾਕਾਰਾਤਮਕ ਚਰਚਾ ਦੀ ਸ਼ੁਰੂ ਹੋ ਚੁਕੀ ਹੈ।’’ ਇਸ ਮੌਕੇ ਗਿੱਗ ਵਰਕਰਜ਼ ਨੇ ਵੀ ਸੰਸਦ ’ਚ ਉਨ੍ਹਾਂ ਦੇ ਮਸਲੇ ਚੁੱਕਣ ਲਈ ਰਾਘਵ ਚੱਢਾ ਦਾ ਫੁੱਲਾਂ ਦੇ ਹਾਰ ਪਾ ਕੇ ਧਨਵਾਦ ਕੀਤਾ।

