
759.49 ਅੰਕ ਯਾਨੀ 1.05 ਫੀ ਸਦੀ ਦੀ ਤੇਜ਼ੀ ਨਾਲ 73,327.94 ਅੰਕ ’ਤੇ ਬੰਦ ਹੋਇਆ ਸੈਂਸੈਕਸ
ਮੁੰਬਈ: ਸੂਚਨਾ ਤਕਨਾਲੋਜੀ (ਆਈ.ਟੀ.) ਕੰਪਨੀਆਂ ਰਿਲਾਇੰਸ ਅਤੇ ਐਚ.ਡੀ.ਐਫ.ਸੀ. ਦੇ ਸ਼ੇਅਰਾਂ ’ਚ ਖ਼ਰੀਦ ਦੀ ਤੇਜ਼ੀ ਦੇ ਵਿਚਕਾਰ ਸੈਂਸੈਕਸ ਪਹਿਲੀ ਵਾਰ 73,000 ਦੇ ਅੰਕ ਤੋਂ ਉੱਪਰ ਬੰਦ ਹੋਇਆ, ਜਦਕਿ ਨਿਫਟੀ 22,000 ਦੇ ਅੰਕੜੇ ਨੂੰ ਪਾਰ ਕਰ ਗਿਆ।
ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਲਗਾਤਾਰ ਪੰਜਵੇਂ ਸੈਸ਼ਨ ’ਚ 759.49 ਅੰਕ ਯਾਨੀ 1.05 ਫੀ ਸਦੀ ਦੀ ਤੇਜ਼ੀ ਨਾਲ 73,327.94 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 833.71 ਅੰਕ ਚੜ੍ਹ ਕੇ 73,402.16 ਅੰਕ ਦੇ ਉੱਚ ਪੱਧਰ ’ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦਾ ਨਿਫਟੀ ਵੀ 202.90 ਅੰਕ ਯਾਨੀ 0.93 ਫੀ ਸਦੀ ਦੀ ਤੇਜ਼ੀ ਨਾਲ 22,097.45 ਦੇ ਨਵੇਂ ਰੀਕਾਰਡ ਪੱਧਰ ’ਤੇ ਬੰਦ ਹੋਇਆ।
ਕਾਰੋਬਾਰ ਦੌਰਾਨ ਇਹ 221 ਅੰਕ ਚੜ੍ਹ ਕੇ 22,115.55 ਅੰਕ ਦੇ ਅਪਣੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਸੂਚਨਾ ਤਕਨਾਲੋਜੀ ਕੰਪਨੀਆਂ ਇਨਫੋਸਿਸ, ਟੀ.ਸੀ.ਐਸ., ਵਿਪਰੋ ਅਤੇ ਐਚ.ਸੀ.ਐਲ. ਟੈਕ ਨੇ ਤੀਜੀ ਤਿਮਾਹੀ ਦੇ ਨਤੀਜਿਆਂ ਤੋਂ ਬਿਹਤਰ ਨਤੀਜਿਆਂ ਤੋਂ ਬਾਅਦ ਤੇਜ਼ੀ ਦੀ ਅਗਵਾਈ ਕੀਤੀ। ਆਈ.ਟੀ. ਸਟਾਕਾਂ ’ਚ ਮਜ਼ਬੂਤ ਤੇਜ਼ੀ ਨੇ ਸੂਚਕਾਂਕ ਨੂੰ ਨਵੇਂ ਰੀਕਾਰਡ ਉਚਾਈਆਂ ’ਤੇ ਪਹੁੰਚਣ ’ਚ ਸਹਾਇਤਾ ਕੀਤੀ। ਤੇਲ ਅਤੇ ਗੈਸ ਅਤੇ ਊਰਜਾ ਸ਼ੇਅਰਾਂ ਨੇ ਵੀ ਤੇਜ਼ੀ ਨੂੰ ਹੁਲਾਰਾ ਦਿਤਾ।
ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਰੀਸਰਚ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਨਵੇਂ ਸੌਦਿਆਂ ਅਤੇ ਖਰਚ ਵਧਣ ਦੀਆਂ ਉਮੀਦਾਂ ਕਾਰਨ ਆਈ.ਟੀ. ਕੰਪਨੀਆਂ ਦੇ ਸ਼ੇਅਰਾਂ ’ਚ ਖਰੀਦਦਾਰੀ ਨਾਲ ਬਾਜ਼ਾਰ ਨੂੰ ਹੁਲਾਰਾ ਮਿਲਿਆ ਹੈ। ਇਸ ਤੋਂ ਇਲਾਵਾ ਫੈਡਰਲ ਰਿਜ਼ਰਵ ਵਲੋਂ ਦਰਾਂ ’ਚ ਕਟੌਤੀ ਦੀ ਸੰਭਾਵਨਾ ਕਾਰਨ ਅਮਰੀਕੀ ਬਾਂਡ ਯੀਲਡ ’ਚ ਗਿਰਾਵਟ ਆਈ ਹੈ। ਸੈਂਸੈਕਸ ਕੰਪਨੀਆਂ ’ਚ ਵਿਪਰੋ ਦਾ ਸ਼ੇਅਰ 6 ਫੀ ਸਦੀ ਤੋਂ ਜ਼ਿਆਦਾ ਚੜ੍ਹ ਗਿਆ। ਇਸ ਤੋਂ ਇਲਾਵਾ ਐਚ.ਸੀ.ਐਲ. ਟੈਕ, ਐਚ.ਡੀ.ਐਫ.ਸੀ. ਬੈਂਕ, ਇੰਫੋਸਿਸ, ਟੈਕ ਮਹਿੰਦਰਾ, ਭਾਰਤੀ ਏਅਰਟੈੱਲ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ’ਚ ਵੀ ਵਾਧਾ ਦਰਜ ਕੀਤਾ ਗਿਆ।
ਦੂਜੇ ਪਾਸੇ ਬਜਾਜ ਫਾਈਨਾਂਸ, ਬਜਾਜ ਫਿਨਸਰਵ, ਲਾਰਸਨ ਐਂਡ ਟੂਬਰੋ, ਟਾਟਾ ਮੋਟਰਜ਼, ਟਾਟਾ ਸਟੀਲ ਅਤੇ ਐਕਸਿਸ ਬੈਂਕ ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ। ਰੇਲੀਗੇਅਰ ਬ੍ਰੋਕਿੰਗ ਲਿਮਟਿਡ ਦੇ ਸੀਨੀਅਰ ਉਪ ਪ੍ਰਧਾਨ (ਤਕਨੀਕੀ ਖੋਜ) ਅਜੀਤ ਮਿਸ਼ਰਾ ਨੇ ਕਿਹਾ ਕਿ ਚੋਣਵੀਆਂ ਬੈਂਕਿੰਗ ਅਤੇ ਊਰਜਾ ਕੰਪਨੀਆਂ ਦੇ ਨਾਲ-ਨਾਲ ਆਈ.ਟੀ. ਦੀਆਂ ਵੱਡੀਆਂ ਕੰਪਨੀਆਂ ਦੇ ਕਾਰਨ ਘਰੇਲੂ ਬਾਜ਼ਾਰ ’ਚ ਵੱਡਾ ਉਛਾਲ ਆਇਆ ਹੈ।
ਆਈ.ਟੀ. ਅਤੇ ਤਕਨਾਲੋਜੀ ਦੋਹਾਂ ਖੇਤਰਾਂ ’ਚ 1.79 ਫ਼ੀ ਸਦੀ ਦਾ ਵਾਧਾ ਹੋਇਆ। ਇਸ ਤੋਂ ਇਲਾਵਾ ਤੇਲ ਅਤੇ ਗੈਸ ਦੀਆਂ ਕੀਮਤਾਂ ’ਚ 1.70 ਫੀ ਸਦੀ ਅਤੇ ਊਰਜਾ ’ਚ 1.66 ਫੀ ਸਦੀ ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਵਸਤੂਆਂ ਅਤੇ ਧਾਤਾਂ ਦੇ ਖੇਤਰ ’ਚ ਗਿਰਾਵਟ ਆਈ। ਵਿਆਪਕ ਬਾਜ਼ਾਰ ’ਚ ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.67 ਫੀ ਸਦੀ ਅਤੇ ਸਮਾਲਕੈਪ ਇੰਡੈਕਸ 0.11 ਫੀ ਸਦੀ ਵਧਿਆ।
ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਤੇਜ਼ੀ ਨਾਲ ਬੰਦ ਹੋਏ ਜਦਕਿ ਹਾਂਗਕਾਂਗ ਦਾ ਹੈਂਗਸੇਂਗ ਮਾਮੂਲੀ ਗਿਰਾਵਟ ਨਾਲ ਬੰਦ ਹੋਇਆ। ਯੂਰਪ ਦੇ ਬਾਜ਼ਾਰ ਦੁਪਹਿਰ ਦੇ ਕਾਰੋਬਾਰ ਵਿਚ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ। ਸ਼ੁਕਰਵਾਰ ਨੂੰ ਅਮਰੀਕੀ ਬਾਜ਼ਾਰ ਨਰਮ ਰੁਝਾਨ ਨਾਲ ਬੰਦ ਹੋਏ। ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.29 ਫੀ ਸਦੀ ਦੀ ਗਿਰਾਵਟ ਨਾਲ 78.06 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ।
ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਨੇ ਸ਼ੁਕਰਵਾਰ ਨੂੰ 340.05 ਕਰੋੜ ਰੁਪਏ ਦੇ ਸ਼ੇਅਰ ਵੇਚੇ। ਪਿਛਲੇ ਸੈਸ਼ਨ ’ਚ ਸੈਂਸੈਕਸ 847.27 ਅੰਕਾਂ ਦੀ ਤੇਜ਼ੀ ਨਾਲ 72,568.45 ਅੰਕਾਂ ’ਤੇ ਅਤੇ ਨਿਫਟੀ 247.35 ਅੰਕਾਂ ਦੀ ਤੇਜ਼ੀ ਨਾਲ 21,894.55 ਅੰਕਾਂ ’ਤੇ ਬੰਦ ਹੋਇਆ ਸੀ।