
ਅਡਾਨੀ ਗਰੁੱਪ ਦੇ ਮੁੱਖ ਵਿੱਤੀ ਅਧਿਕਾਰੀ ਨੇ ਇੱਕ ਨਿਵੇਸ਼ਕ ਚਰਚਾ ਵਿੱਚ ਕਿਹਾ
ਨਵੀਂ ਦਿੱਲੀ - ਅਡਾਨੀ ਸਮੂਹ ਨੇ ਬੁੱਧਵਾਰ ਨੂੰ ਨਿਵੇਸ਼ਕਾਂ ਨੂੰ ਭਰੋਸਾ ਦਿਵਾਇਆ ਕਿ ਉਸ ਦਾ ਬਹੀ-ਖਾਤਾ ਭਾਵ ਬੈਲੇਂਸ ਸ਼ੀਟ 'ਬਹੁਤ ਚੰਗੀ' ਸਥਿਤੀ 'ਚ ਹੈ, ਅਤੇ ਉਸ ਦੀਆਂ ਨਜ਼ਰਾਂ ਸ਼ੇਅਰਾਂ 'ਚ ਲਗਾਤਾਰ ਉਤਰਾਅ-ਚੜ੍ਹਾਅ ਦੇ ਵਿਚਕਾਰ ਆਪਣੇ ਕਾਰੋਬਾਰੀ ਵਾਧੇ ਨੂੰ ਬਰਕਰਾਰ ਰੱਖਣ 'ਤੇ ਟਿਕੀਆਂ ਹੋਈਆਂ ਹਨ।
ਅਮਰੀਕੀ ਨਿਵੇਸ਼ ਖੋਜ ਫ਼ਰਮ ਹਿੰਡਨਬਰਗ ਦੀ ਇਕ ਰਿਪੋਰਟ 'ਚ ਅਡਾਨੀ ਸਮੂਹ 'ਤੇ ਸ਼ੇਅਰਾਂ ਦੀਆਂ ਕੀਮਤਾਂ ਨੂੰ ਗ਼ਲਤ ਤਰੀਕੇ ਨਾਲ ਵਧਾਉਣ ਦਾ ਦੋਸ਼ ਲਗਾਉਣ ਤੋਂ ਬਾਅਦ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਨਾਲ ਨਿਵੇਸ਼ਕਾਂ ਦੇ ਹਿੱਤਾਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਹੋ ਗਏ ਹਨ।
ਅਡਾਨੀ ਗਰੁੱਪ ਦੇ ਮੁੱਖ ਵਿੱਤੀ ਅਧਿਕਾਰੀ (ਸੀ.ਐਫ਼.ਓ.) ਜੁਗਸ਼ਿੰਦਰ ਸਿੰਘ ਨੇ ਤਿਮਾਹੀ ਨਤੀਜਿਆਂ ਦੀ ਘੋਸ਼ਣਾ ਤੋਂ ਬਾਅਦ, ਇੱਕ ਨਿਵੇਸ਼ਕ ਚਰਚਾ ਵਿੱਚ ਕਿਹਾ ਕਿ ਸਮੂਹ ਨੂੰ ਆਪਣੇ ਅੰਦਰੂਨੀ ਨਿਯੰਤਰਣ, ਪਾਲਣਾ ਅਤੇ ਕਾਰਪੋਰੇਟ ਗਵਰਨੈਂਸ ਬਾਰੇ ਭਰੋਸਾ ਹੈ।
ਸਮੂਹ ਨੇ ਆਪਣੀਆਂ ਕੰਪਨੀਆਂ ਦੇ ਸੰਖੇਪ 'ਚ ਆਪਣੇ ਵਿੱਤੀ ਵੇਰਵੇ ਜਾਰੀ ਕਰ ਕੇ ਅਲੱਗ ਤੋਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਕੋਲ ਕਾਫ਼ੀ ਨਕਦੀ ਹੈ ਅਤੇ ਉਹ ਆਪਣੇ ਕਰਜ਼ੇ ਚੁਕਾਉਣ ਦੀ ਸਮਰੱਥਾ ਰੱਖਦਾ ਹੈ।
ਸਿੰਘ ਨੇ ਕਿਹਾ, "ਸਾਡੇ ਬਹੀ-ਖਾਤੇ ਬਹੁਤ ਚੰਗੀ ਸਥਿਤੀ 'ਚ ਹਨ। ਸਾਡੇ ਕੋਲ ਉਦਯੋਗ-ਮੋਹਰੀ ਵਿਕਾਸ ਸੰਭਾਵਨਾ, ਮਜ਼ਬੂਤ ਕੰਪਨੀ ਸੰਚਾਲਨ, ਸੁਰੱਖਿਅਤ ਜਾਇਦਾਦ ਅਤੇ ਮਜ਼ਬੂਤ ਨਕਦ ਪ੍ਰਵਾਹ ਹੈ। ਮੌਜੂਦਾ ਬਜ਼ਾਰ ਦੇ ਸਥਿਰ ਹੋਣ 'ਤੇ ਅਸੀਂ ਆਪਣੀ ਪੂੰਜੀ ਬਜ਼ਾਰ ਦੀ ਰਣਨੀਤੀ ਦੀ ਸਮੀਖਿਆ ਕਰਾਂਗੇ, ਪਰ ਸ਼ੇਅਰਧਾਰਕਾਂ ਨੂੰ ਮਜ਼ਬੂਤ ਰਿਟਰਨ ਪ੍ਰਦਾਨ ਕਰਨ ਵਾਲਾ ਕਾਰੋਬਾਰ ਪ੍ਰਦਾਨ ਕਰਨ ਦੀ ਆਪਣੀ ਯੋਗਤਾ 'ਤੇ ਸਾਨੂੰ ਭਰੋਸਾ ਹੈ।"
24 ਜਨਵਰੀ ਨੂੰ ਹਿੰਡਨਬਰਗ ਰਿਸਰਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ, ਗੌਤਮ ਅਡਾਨੀ ਦੀ ਅਗਵਾਈ ਵਾਲਾ ਸਮੂਹ ਲਗਾਤਾਰ ਦਬਾਅ ਹੇਠ ਹੈ। ਹਾਲਾਂਕਿ ਸਮੂਹ ਨੇ ਆਪਣੇ 'ਤੇ ਲਗਾਏ ਗਏ ਦੋਸ਼ਾਂ ਨੂੰ ਝੂਠਾ ਦੱਸ ਕੇ ਖਾਰਜ ਕਰ ਦਿੱਤਾ, ਪਰ ਨਿਵੇਸ਼ਕਾਂ ਦਾ ਭਰੋਸਾ ਇਸ ਨਾਲ ਪ੍ਰਭਾਵਿਤ ਹੋਇਆ ਹੈ। ਪਿਛਲੇ ਤਿੰਨ ਹਫ਼ਤਿਆਂ ਵਿੱਚ ਸਮੂਹ ਦੀਆਂ ਕੰਪਨੀਆਂ ਦਾ ਕੁੱਲ ਬਜ਼ਾਰ ਮੁਲਾਂਕਣ 125 ਅਰਬ ਡਾਲਰ ਤੱਕ ਡਿੱਗ ਚੁੱਕਿਆ ਹੈ।