
ਮੈਸੇਜਿੰਗ ਐਪ ਵਟਸਐਪ ਨੇ ਅਪਣੇ 1.5 ਅਰਬ ਗਾਹਕਾਂ ਨੂੰ ਸਪਾਈਵੇਅਰ ਦੇ ਖਤਰੇ ਤੋਂ ਬਚਾਉਣ ਲਈ ਐਪ ਨੂੰ ਅਪਡੇਟ ਕਰਨ ਦੇ ਆਦੇਸ਼ ਦਿੱਤੇ ਹਨ।
ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੇ ਅਪਣੇ 1.5 ਅਰਬ ਗਾਹਕਾਂ ਨੂੰ ਸਪਾਈਵੇਅਰ ਦੇ ਖਤਰੇ ਤੋਂ ਬਚਾਉਣ ਲਈ ਐਪ ਨੂੰ ਅਪਡੇਟ ਕਰਨ ਦੇ ਆਦੇਸ਼ ਦਿੱਤੇ ਹਨ। ਵਟਸਐਪ ਵਿਚ ਸੁਰੱਖਿਆ ਦੀ ਕਮੀ ਕਾਰਨ ਹੈਕਰ ਗਾਹਕਾਂ ਦੇ ਫੋਨ ਵਿਚ ਸਪਾਈਵੇਅਰ (ਜਾਸੂਸੀ ਕਰਨ ਵਾਲਾ ਸਾਫਟਵੇਅਰ) ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਬਾਅਦ ਕੰਪਨੀ ਨੇ ਇਹ ਕਦਮ ਚੁੱਕਿਆ ਹੈ।
Whatsapp
ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਨੇ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਇਕ ਕਮੀ ਬਾਰੇ ਪਤਾ ਲਗਾਇਆ ਗਿਆ ਸੀ ਅਤੇ ਇਸ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਕੰਪਨੀ ਨੇ ਇਸ ਹੈਕਿੰਗ ਨੂੰ ਨਾਕਾਮ ਕਰਨ ਲਈ ਅਪਣੇ ਬੁਨਿਆਦੀ ਢਾਂਚੇ ਵਿਚ ਬਦਲਾਅ ਕੀਤਾ ਹੈ। ਵਟਸਐਪ ਨੇ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਨਿੱਜੀ ਕੰਪਨੀ ਦਾ ਹੱਥ ਹੋਣ ਦੇ ਸੰਕੇਤ ਹਨ।
Whatsapp Hacking
ਵਟਸਐਪ ਦੇ ਬੁਲਾਰੇ ਨੇ ਈਮੇਲ ਦੇ ਜ਼ਰੀਏ ਬਿਆਨ ਵਿਚ ਕਿਹਾ ਕਿ ਵਟਸਐਪ ਦੇ ਗਾਹਕਾਂ ਨੂੰ ਵਟਸਐਪ ਅਪਡੇਟ ਕਰਨ ਬਾਰੇ ਸੂਚਿਤ ਕੀਤਾ ਜਾਂਦਾ ਹੈ ਤਾਂ ਜੋ ਫੋਨ ਵਿਚ ਮੌਜੂਦ ਜਾਣਕਾਰੀ ਹੈਕ ਨਾ ਹੋ ਸਕੇ। ਖਬਰਾਂ ਮੁਤਾਬਿਕ ਇਸ ਸਪਾਈਵੇਅਰ ਨੂੰ ਕਥਿਤ ਤੌਰ ‘ਤੇ ਇਜ਼ਰਾਇਲੀ ਇੰਟੈਲੀਜੈਂਸ ਕੰਪਨੀ ਐਨਐਸਓ ਗਰੁੱਪ ਨੇ ਬਣਾਇਆ ਹੈ। ਵਟਸਐਪ ਦੀ ਇਹ ਕਮੀ ਹੈਕਰਾਂ ਨੂੰ ਵਟਸਐਪ ਕਾਲ ਦੇ ਮਾਧਿਅਮ ਰਾਹੀਂ ਫੋਨ ਕਰਕੇ ਮੋਬਾਇਲ ਵਿਚ ਸਪਾਈਵੇਅਰ ਪਾਉਣ ਦੀ ਇਜਾਜ਼ਤ ਦਿੰਦੀ ਹੈ। ਕੰਪਨੀ ਨੇ ਕਿਹਾ ਕਿ ਇਸ ਮਾਮਲੇ ਵਿਚ ਜਾਂਚ ਸ਼ੁਰੂ ਹੋ ਗਈ ਹੈ ਅਤੇ ਜਾਂਚ ਵਿਚ ਮਦਦ ਕਰਨ ਲਈ ਅਮਰੀਕੀ ਏਜੰਸੀਆਂ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ।