ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ
ਜ਼ੀਰਕਪੁਰ (ਗਿੱਲ): ਐਰੋਸਿਟੀ ਦੇ ਐੱਚ-ਬਲਾਕ ਵਿੱਚ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਮਿਲੇ ਹਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਸਿੱਖ ਸੰਗਤ ਅਤੇ ਨਿਵਾਸੀ ਵੱਡੀ ਗਿਣਤੀ ਵਿਚ ਮੌਕੇ ’ਤੇ ਇਕੱਠੇ ਹੋ ਗਏ ਅਤੇ ਇਸ ਕਾਰੇ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ।
ਇਸ ਮਾਮਲੇ ’ਚ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਕਰੀਬ 11 ਵਜੇ ਸੂਚਨਾ ਮਿਲੀ ਸੀ ਕਿ ਐੱਚ-ਬਲਾਕ ਦੀ ਸਰਵਿਸ ਰੋਡ ’ਤੇ ਗੁਟਕਾ ਸਾਹਿਬ ਦੇ ਅੰਗ ਖਿੱਲਰੇ ਹੋਏ ਹਨ।
ਸੂਚਨਾ ਪਾ ਕੇ ਪੁਲਿਸ ਟੀਮ ਤੁਰਤ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਜਾਂਚ ਦੌਰਾਨ ਪੁਲਿਸ ਨੇ ਮੌਕੇ ਤੋਂ ਕਰੀਬ 58 ਅੰਗ ਬਰਾਮਦ ਕੀਤੇ। ਮਰਯਾਦਾ ਦਾ ਧਿਆਨ ਰੱਖਦੇ ਹੋਏ ਪੁਲਿਸ ਨੇ ਇਨ੍ਹਾਂ ਅੰਗਾਂ ਨੂੰ ਸੁਰੱਖਿਅਤ ਤਰੀਕੇ ਨਾਲ ਇਕੱਠਾ ਕਰ ਕੇ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ, ਪਟਿਆਲਾ ਵਿਖੇ ਜਮ੍ਹਾਂ ਕਰਵਾ ਦਿੱਤੇ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਹਰਕਤ ਕਿਸ ਨੇ ਅਤੇ ਕਿਸ ਸਮੇਂ ਕੀਤੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
