
ਰਸੋਈ ਦੇ ਭਾਂਡੇ ਅਤੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਲਈ ਡੱਬਿਆਂ ’ਤੇ ਕੁਆਲਟੀ ਕੰਟਰੋਲ ਆਰਡਰ ਪਿਛਲੇ ਸਾਲ ਜਾਰੀ ਕੀਤਾ ਗਿਆ ਸੀ
ਨਵੀਂ ਦਿੱਲੀ : ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀ.ਪੀ.ਆਈ.ਆਈ.ਟੀ.) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਮਾਈਕਰੋ ਯੂਨਿਟਾਂ ਲਈ ਰਸੋਈ ਦੇ ਭਾਂਡੇ ਲਈ ਲਾਜ਼ਮੀ ‘ਕੁਆਲਿਟੀ ਕੰਟਰੋਲ’ ਨਿਯਮਾਂ ’ਚ ਢਿੱਲ ਦਿਤੀ ਹੈ।
ਰਸੋਈ ਦੇ ਭਾਂਡੇ ਅਤੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਲਈ ਡੱਬਿਆਂ ’ਤੇ ਕੁਆਲਟੀ ਕੰਟਰੋਲ ਆਰਡਰ (ਕਿਊ.ਸੀ.ਓ.) ਪਿਛਲੇ ਸਾਲ ਜਾਰੀ ਕੀਤਾ ਗਿਆ ਸੀ। ਇਹ ਘਟੀਆ ਚੀਜ਼ਾਂ ਦੀ ਦਰਾਮਦ ਨੂੰ ਰੋਕਣ ਅਤੇ ਘਰੇਲੂ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ ਕੀਤਾ ਗਿਆ ਸੀ।
ਵਿਭਾਗ ਨੇ ਕਿਹਾ ਕਿ ਕਾਰੋਬਾਰ ਨੂੰ ਸੁਖਾਲਾ ਬਣਾਉਣ ਲਈ ਕਿਊ.ਸੀ.ਓ. ’ਚ ਕਈ ਛੋਟਾਂ ਦਿਤੀਆਂ ਗਈਆਂ ਹਨ, ਜਿਨ੍ਹਾਂ ’ਚ ਅਜਿਹੇ ਸੂਖਮ ਉੱਦਮਾਂ (ਉਦਮ ਪੋਰਟਲ ਤਹਿਤ ਰਜਿਸਟਰਡ ਸੂਖਮ ਉੱਦਮਾਂ) ਲਈ ਕਿਊਸੀਓ ਤੋਂ ਛੋਟ ਸ਼ਾਮਲ ਹੈ, ਜਿੱਥੇ ਪਲਾਂਟ ਅਤੇ ਮਸ਼ੀਨਰੀ ’ਚ ਨਿਵੇਸ਼ 25 ਲੱਖ ਰੁਪਏ ਤੋਂ ਵੱਧ ਨਹੀਂ ਹੈ ਅਤੇ ਕਾਰੋਬਾਰ 2 ਕਰੋੜ ਰੁਪਏ ਤੋਂ ਵੱਧ ਨਹੀਂ ਹੈ।
ਇਸ ਤੋਂ ਇਲਾਵਾ ਇਕ ਵਿਸ਼ੇਸ਼ ਵਿਵਸਥਾ ਰਾਹੀਂ ਪੁਰਾਣੇ ਸਟਾਕ ਨੂੰ ਖਤਮ ਕਰਨ ਲਈ 6 ਮਹੀਨੇ ਦੀ ਮੋਰਟੋਰੀਅਮ ਦਿਤੀ ਗਈ ਹੈ। ਇਕ ਹੋਰ ਵਿਸ਼ੇਸ਼ ਵਿਵਸਥਾ ਪਾਊਡਰ, ਅਰਧ-ਠੋਸ, ਤਰਲ ਜਾਂ ਗੈਸ ਨਾਲ ਭਰੇ ਡੱਬਿਆਂ ਦੀ ਦਰਾਮਦ ਲਈ ਛੋਟ ਹੈ।