
ਕਾਂਗਰਸ ਨੇ ਸਮੇਂ ’ਤੇ ਚੁੱਕੇ ਸਵਾਲ
PM Kisan installment : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਦੇਸ਼ ਭਰ ਦੇ ਅੱਠ ਕਰੋੜ ਤੋਂ ਵੱਧ ਕਿਸਾਨਾਂ ਨੂੰ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੀ 15ਵੀਂ ਕਿਸਤ ਵਜੋਂ 18,000 ਕਰੋੜ ਰੁਪਏ ਜਾਰੀ ਕੀਤੇ। ਝਾਰਖੰਡ ਦੇ ਖੁੰਟੀ ਜ਼ਿਲ੍ਹੇ ’ਚ ‘ਜਨਜਾਤੀ ਗੌਰਵ ਦਿਵਸ’ ਨਾਲ ਸਬੰਧਤ ਇਕ ਸਮਾਗਮ ’ਚ ਪ੍ਰਧਾਨ ਮੰਤਰੀ ਨੇ ਇਕ ਬਟਨ ਦਬਾ ਕੇ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਡਿਜੀਟਲ ਰੂਪ ’ਚ ਪੈਸੇ ਟਰਾਂਸਫਰ ਕੀਤੇ।
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM-KISAN) ਦਾ ਉਦੇਸ਼ ਕਿਸਾਨਾਂ ਨੂੰ ਉਨ੍ਹਾਂ ਦੀਆਂ ਖੇਤੀਬਾੜੀ ਅਤੇ ਹੋਰ ਸੰਕਟਕਾਲੀ ਲੋੜਾਂ ਨੂੰ ਪੂਰਾ ਕਰਨ ’ਚ ਸਹਾਇਤਾ ਕਰਨਾ ਹੈ। ਇਸ ਸਕੀਮ ਤਹਿਤ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਹਰ ਸਾਲ 6,000 ਰੁਪਏ ਦੀ ਵਿੱਤੀ ਸਹਾਇਤਾ ਤਿੰਨ ਬਰਾਬਰ ਕਿਸਤਾਂ ’ਚ ਟਰਾਂਸਫਰ ਕੀਤੀ ਜਾਂਦੀ ਹੈ। ਇਸ ਕਿਸਤ ਤੋਂ ਪਹਿਲਾਂ 2.62 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਟਰਾਂਸਫਰ ਹੋ ਚੁੱਕੇ ਹਨ।
ਇਸ ਦੌਰਾਨ, ਕਾਂਗਰਸ ਨੇ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਤੋਂ ਸਿਰਫ਼ ਦੋ ਦਿਨ ਪਹਿਲਾਂ ਫੰਡ ਜਾਰੀ ਕੀਤੇ ਜਾਣ ’ਤੇ ਸਵਾਲ ਖੜੇ ਕੀਤੇ ਅਤੇ ਪੁਛਿਆ ਕਿ ਕੀ ਇਹ ‘ਜਾਣ ਬੁੱਝ ਕੇ’ ਕੀਤਾ ਗਿਆ ਸੀ? ਮੱਧ ਪ੍ਰਦੇਸ਼ ’ਚ 17 ਨਵੰਬਰ ਨੂੰ ਇਕ ਪੜਾਅ ਦੀ ਵੋਟਿੰਗ ਹੋਵੇਗੀ, ਜਦਕਿ ਗੁਆਂਢੀ ਰਾਜ ਛੱਤੀਸਗੜ੍ਹ ’ਚ ਦੂਜੇ ਪੜਾਅ ਦੀ ਵੋਟਿੰਗ ਹੋਵੇਗੀ ਜਿੱਥੇ ਪਹਿਲੇ ਪੜਾਅ ਦੀ ਵੋਟਿੰਗ 7 ਨਵੰਬਰ ਨੂੰ ਹੋਈ ਸੀ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਪੀ.ਐਮ.-ਕਿਸਾਨ ਦੀ ਛੇਵੀਂ ਕਿਸਤ 1 ਅਗੱਸਤ, 2020 ਨੂੰ ਜਾਰੀ ਕੀਤੀ ਗਈ ਸੀ। ਨੌਵੀਂ ਕਿਸਤ 9 ਅਗੱਸਤ, 2021 ਨੂੰ ਜਾਰੀ ਕੀਤੀ ਗਈ ਸੀ। 12ਵੀਂ ਕਿਸਤ 17 ਅਕਤੂਬਰ, 2022 ਨੂੰ ਜਾਰੀ ਕੀਤੀ ਗਈ ਸੀ। ਪੀ.ਐਮ.-ਕਿਸਾਨ ਦੇ ਤਹਿਤ 15ਵੀਂ ਕਿਸਤ ਅੱਜ ਯਾਨੀ 15 ਨਵੰਬਰ, 2023 ਨੂੰ ਆ ਰਹੀ ਹੈ। ਹੁਣ ਜਦੋਂ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ’ਚ ਦੋ ਦਿਨਾਂ ’ਚ, ਰਾਜਸਥਾਨ ’ਚ 10 ਦਿਨਾਂ ’ਚ ਅਤੇ ਤੇਲੰਗਾਨਾ ’ਚ 15 ਦਿਨਾਂ ’ਚ ਚੋਣਾਂ ਹੋਣੀਆਂ ਹਨ ਤਾਂ ਅੱਜ 15ਵੀਂ ਕਿਸਤ ਜਾਰੀ ਕੀਤੀ ਜਾ ਰਹੀ ਹੈ। ਕੀ ਇਹ ਦੇਰੀ ਜਾਣਬੁੱਝ ਕੇ ਨਹੀਂ ਕੀਤੀ ਜਾ ਰਹੀ?’’
ਰਾਜਸਥਾਨ ’ਚ 25 ਨਵੰਬਰ ਅਤੇ ਤੇਲੰਗਾਨਾ ’ਚ 30 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਮਿਜ਼ੋਰਮ ਸਮੇਤ ਇਨ੍ਹਾਂ ਸੂਬਿਆਂ ਦੀਆਂ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ।
(For more news apart from PM Kisan installment, stay tuned to Rozana Spokesman)