
ਪਹਿਲਾਂ ਅੱਜ ਹੀ ਪੇਸ਼ ਕੀਤਾ ਜਾਣ ਲਈ ਸੂਚੀਬੱਧ ਕੀਤੇ ਗਏ ਸਨ ਬਿਲ, ਲੋਕ ਸਭਾ ਸਕੱਤਰੇਤ ਵਲੋਂ ਜਾਰੀ ਸੋਧੇ ਹੋਏ ਏਜੰਡੇ ’ਚ ਬਿਲ ਸ਼ਾਮਲ ਨਹੀਂ
ਨਵੀਂ ਦਿੱਲੀ : ਸਰਕਾਰ ਲੋਕ ਸਭਾ ’ਚ ਵਿੱਤੀ ਗ੍ਰਾਂਟਾਂ ਬਾਰੇ ਕੰਮਕਾਜ ਪੂਰਾ ਕਰਨ ਤੋਂ ਬਾਅਦ ‘ਇਕ ਦੇਸ਼ ਇਕ ਚੋਣ’ ਬਾਰੇ ਬਿਲਾਂ ਨੂੰ ਪੇਸ਼ ਕਰੇਗੀ। ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਇਸ ਤੋਂ ਪਹਿਲਾਂ ਸੰਵਿਧਾਨ (129ਵੀਂ ਸੋਧ) ਬਿਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ (ਸੋਧ) ਬਿਲ ਸੋਮਵਾਰ ਨੂੰ ਲੋਕ ਸਭਾ ’ਚ ਪੇਸ਼ ਕਰਨ ਲਈ ਸੂਚੀਬੱਧ ਕੀਤੇ ਗਏ ਸਨ।
ਅਧਿਕਾਰਤ ਸੂਤਰਾਂ ਨੇ ਦਸਿਆ ਕਿ ਸਦਨ ਵਲੋਂ ਸੋਮਵਾਰ ਨੂੰ ਸੂਚੀਬੱਧ ਗ੍ਰਾਂਟਾਂ ਲਈ ਪੂਰਕ ਮੰਗਾਂ ਦੇ ਪਹਿਲੇ ਬੈਚ ਨੂੰ ਪਾਸ ਕਰਨ ਤੋਂ ਬਾਅਦ ਬਿਲ ਇਸ ਹਫਤੇ ਦੇ ਅਖੀਰ ’ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਲੋਕ ਸਭਾ ਸਕੱਤਰੇਤ ਵਲੋਂ ਜਾਰੀ ਸੋਧੇ ਹੋਏ ਏਜੰਡੇ ’ਚ ਸੋਮਵਾਰ ਦੇ ਏਜੰਡੇ ’ਚ ਇਨ੍ਹਾਂ ਦੋਹਾਂ ਬਿਲਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਹਾਲਾਂਕਿ ਸਰਕਾਰ ਲੋਕ ਸਭਾ ਸਪੀਕਰ ਦੀ ਇਜਾਜ਼ਤ ਨਾਲ ‘ਸਪਲੀਮੈਂਟਰੀ ਬਿਜ਼ਨਸ ਏਜੰਡਾ’ ਰਾਹੀਂ ਆਖਰੀ ਸਮੇਂ ’ਤੇ ਸੰਸਦ ’ਚ ਵਿਧਾਨਕ ਏਜੰਡਾ ਪੇਸ਼ ਕਰ ਸਕਦੀ ਹੈ। ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੋ ਸਮੇਂ ਕਰਵਾਉਣ ਲਈ ਦੋ ਬਿਲ ਪ੍ਰਕਿਰਿਆ ਦੇ ਨਿਯਮਾਂ ਅਨੁਸਾਰ ਪਿਛਲੇ ਹਫਤੇ ਸੰਸਦ ਮੈਂਬਰਾਂ ਵਿਚ ਵੰਡੇ ਗਏ ਸਨ। ਸੰਸਦ ਦਾ ਸਰਦ ਰੁੱਤ ਇਜਲਾਸ 20 ਦਸੰਬਰ ਨੂੰ ਸਮਾਪਤ ਹੋਵੇਗਾ।