ਪਛਮੀ ਏਸ਼ੀਆ ’ਚ ਤਣਾਅ ਦਾ ਬਜ਼ਾਰ ’ਤੇ ਪਿਆ ਮਾੜਾ ਅਸਰ, ਰੁਪਏ ਦੀ ਕੀਮਤ ਸਭ ਤੋਂ ਹੇਠਲੇ ਪੱਧਰ ’ਤੇ, ਸ਼ੇਅਰ ਬਾਜ਼ਾਰ ਵੀ ਲਗਾਤਾਰ ਤੀਜੇ ਦਿਨ ਡਿੱਗਾ
Published : Apr 16, 2024, 9:41 pm IST
Updated : Apr 16, 2024, 10:11 pm IST
SHARE ARTICLE
Representative Image.
Representative Image.

ਰੁਪਿਆ 17 ਪੈਸੇ ਦੀ ਗਿਰਾਵਟ ਨਾਲ ਚਾਰ ਹਫ਼ਤਿਆਂ ’ਚ ਦੂਜੀ ਵਾਰ 83.61 ਰੁਪਏ ਪ੍ਰਤੀ ਡਾਲਰ ਦੇ ਸੱਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ 

ਮੁੰਬਈ: ਡਾਲਰ ਦੇ ਮੁਕਾਬਲੇ ਰੁਪਿਆ ਮੰਗਲਵਾਰ ਨੂੰ 17 ਪੈਸੇ ਦੀ ਭਾਰੀ ਗਿਰਾਵਟ ਨਾਲ 83.61 ਦੇ ਸੱਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਪਛਮੀ ਏਸ਼ੀਆ ’ਚ ਤਣਾਅ ਅਤੇ ਗਲੋਬਲ ਬਾਜ਼ਾਰ ਵਿਚ ਪ੍ਰਮੁੱਖ ਵਿਰੋਧੀ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਦੇ ਵਿਚਕਾਰ ਘਰੇਲੂ ਸ਼ੇਅਰ ਬਾਜ਼ਾਰ ਵਿਚ ਨਕਾਰਾਤਮਕ ਰੁਝਾਨ ਦੇ ਵਿਚਕਾਰ ਰੁਪਏ ਵਿਚ ਗਿਰਾਵਟ ਆਈ। 

ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਕਿ ਜੋਖਮ ਭਰੀਆਂ ਜਾਇਦਾਦਾਂ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਤੋਂ ਬਚਣ ਦੀ ਭਾਵਨਾ ਨੇ ਵੀ ਰੁਪਏ ਦੀ ਧਾਰਨਾ ਨੂੰ ਪ੍ਰਭਾਵਤ ਕੀਤਾ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 83.51 ਦੇ ਪੱਧਰ ’ਤੇ ਖੁੱਲ੍ਹਿਆ। ਅੰਤ ’ਚ ਡਾਲਰ ਦੇ ਮੁਕਾਬਲੇ ਰੁਪਿਆ 17 ਪੈਸੇ ਦੀ ਗਿਰਾਵਟ ਨਾਲ 83.61 ਦੇ ਪੱਧਰ ’ਤੇ ਬੰਦ ਹੋਇਆ। 

ਇਸ ਤੋਂ ਪਹਿਲਾਂ ਇਸ ਸਾਲ 22 ਮਾਰਚ ਨੂੰ ਰੁਪਿਆ ਇਸੇ ਪੱਧਰ ’ਤੇ ਬੰਦ ਹੋਇਆ ਸੀ। ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 6 ਪੈਸੇ ਦੀ ਗਿਰਾਵਟ ਨਾਲ 83.44 ਦੇ ਪੱਧਰ ’ਤੇ ਬੰਦ ਹੋਇਆ ਸੀ। ਸ਼ੇਅਰਖਾਨ ਵਲੋਂ ਬੀ.ਐਨ.ਪੀ. ਪਰੀਬਾਸ ਦੇ ਖੋਜ ਵਿਸ਼ਲੇਸ਼ਕ ਅਨੁਜ ਚੌਧਰੀ ਨੇ ਕਿਹਾ ਕਿ 10 ਸਾਲ ਦੇ ਅਮਰੀਕੀ ਬਾਂਡ ਯੀਲਡ ਵਧ ਕੇ 4.66 ਫ਼ੀ ਸਦੀ ਹੋ ਗਏ, ਜੋ ਨਵੰਬਰ, 2023 ਤੋਂ ਬਾਅਦ ਸੱਭ ਤੋਂ ਵੱਧ ਹੈ। ਕਮਜ਼ੋਰ ਘਰੇਲੂ ਬਾਜ਼ਾਰਾਂ ਅਤੇ ਵਧਦੇ ਭੂ-ਸਿਆਸੀ ਤਣਾਅ ਨੇ ਵੀ ਰੁਪਏ ’ਤੇ ਭਾਰ ਪਾਇਆ। 

ਸੋਨਾ 700 ਰੁਪਏ ਦੇ ਉਛਾਲ ਨਾਲ ਨਵੇਂ ਰੀਕਾਰਡ ਪੱਧਰ ’ਤੇ ਪੁੱਜਾ, ਚਾਂਦੀ ਨੇ ਵੀ ਬਣਾਇਆ ਨਵਾਂ ਰੀਕਾਰਡ 

ਨਵੀਂ ਦਿੱਲੀ: ਮੱਧ ਪੂਰਬ ’ਚ ਤਣਾਅ ਵਧਣ ਦੇ ਖਦਸ਼ੇ ਦਰਮਿਆਨ ਕੌਮਾਂਤਰੀ ਬਾਜ਼ਾਰਾਂ ’ਚ ਮਜ਼ਬੂਤ ਰੁਝਾਨ ਕਾਰਨ ਮੰਗਲਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਲਗਾਤਾਰ ਦੂਜੇ ਦਿਨ ਨਵੇਂ ਉੱਚ ਪੱਧਰ ’ਤੇ ਪਹੁੰਚ ਗਈਆਂ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਅਨੁਸਾਰ, ਮੰਗਲਵਾਰ ਨੂੰ ਕੌਮੀ ਰਾਜਧਾਨੀ ਦਿੱਲੀ ’ਚ ਸੋਨੇ ਦੀ ਕੀਮਤ 700 ਰੁਪਏ ਦੀ ਤੇਜ਼ੀ ਨਾਲ 73,750 ਰੁਪਏ ਪ੍ਰਤੀ 10 ਗ੍ਰਾਮ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ। ਸੋਮਵਾਰ ਨੂੰ ਸੋਨਾ 73,050 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਚਾਂਦੀ ਦੀ ਕੀਮਤ 800 ਰੁਪਏ ਦੀ ਤੇਜ਼ੀ ਨਾਲ 86,500 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰੀਕਾਰਡ ਉੱਚੇ ਪੱਧਰ ’ਤੇ ਪਹੁੰਚ ਗਈ। 

ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਸੌਮਿਲ ਗਾਂਧੀ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰਾਂ ਤੋਂ ਸਕਾਰਾਤਮਕ ਸੰਕੇਤਾਂ ਨੂੰ ਵੇਖਦੇ ਹੋਏ ਦਿੱਲੀ ਦੇ ਬਾਜ਼ਾਰਾਂ ’ਚ ਸੋਨੇ (24 ਕੈਰਟ) ਦੀ ਸਪਾਟ ਕੀਮਤ 73,750 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਹੀ ਹੈ, ਜੋ ਪਿਛਲੇ ਬੰਦ ਦੇ ਮੁਕਾਬਲੇ 700 ਰੁਪਏ ਦੇ ਵਾਧੇ ਦਾ ਸੰਕੇਤ ਹੈ। ਕੌਮਾਂਤਰੀ ਬਾਜ਼ਾਰ ਕਾਮੈਕਸ ’ਚ ਸਪਾਟ ਸੋਨਾ 2,370 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਿਹਾ ਸੀ, ਜੋ ਪਿਛਲੇ ਬੰਦ ਮੁੱਲ ਤੋਂ 15 ਡਾਲਰ ਜ਼ਿਆਦਾ ਹੈ। ਪਿਛਲੇ ਹਫਤੇ ਇਜ਼ਰਾਈਲ ’ਤੇ ਈਰਾਨ ਦੇ ਹਮਲੇ ਤੋਂ ਬਾਅਦ ਪਛਮੀ ਏਸ਼ੀਆ ’ਚ ਤਣਾਅ ਵਧਣ ਦੇ ਖਦਸ਼ੇ ਦਰਮਿਆਨ ਸੁਰੱਖਿਅਤ ਪਨਾਹਗਾਹਾਂ ਦੀ ਮੰਗ ਵਧਣ ਨਾਲ ਸੋਨੇ ’ਚ ਤੇਜ਼ੀ ਆਈ। 

ਗਾਂਧੀ ਨੇ ਕਿਹਾ ਕਿ ਨਿਵੇਸ਼ਕਾਂ ਦਾ ਧਿਆਨ ਸੰਭਾਵਤ ਜਵਾਬੀ ਹਮਲੇ ਵਲ ਖਿੱਚਿਆ ਗਿਆ ਹੈ, ਜਿਸ ਨਾਲ ਦੋਹਾਂ ਦੇਸ਼ਾਂ ਵਿਚਾਲੇ ਪੂਰੇ ਪੱਧਰ ’ਤੇ ਜੰਗ ਦਾ ਖਤਰਾ ਵਧ ਸਕਦਾ ਹੈ। ਇਸ ਨਾਲ ਸੁਰੱਖਿਅਤ ਨਿਵੇਸ਼ ਬਦਲ ਵਜੋਂ ਸਰਾਫਾ ਦੀ ਮੰਗ ਵਧ ਗਈ ਹੈ। ਚਾਂਦੀ ਵੀ 28.40 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਹੀ ਸੀ। ਪਿਛਲੇ ਕਾਰੋਬਾਰੀ ਸੈਸ਼ਨ ’ਚ ਸੋਨਾ 28.25 ਡਾਲਰ ਪ੍ਰਤੀ ਔਂਸ ’ਤੇ ਬੰਦ ਹੋਇਆ ਸੀ। ਇਸ ਦੌਰਾਨ ਮੱਧ ਪ੍ਰਦੇਸ਼ ਦੇ ਇੰਦੌਰ ’ਚ ਸੋਨੇ ਦੀਆਂ ਕੀਮਤਾਂ ’ਚ 1,100 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ’ਚ 850 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ। ਵਪਾਰੀਆਂ ਅਨੁਸਾਰ ਸੋਨਾ 75100 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 82,850 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਚਾਂਦੀ ਦਾ ਸਿੱਕਾ 850 ਰੁਪਏ ਪ੍ਰਤੀ ਟੁਕੜਾ ਵਿਕ ਰਿਹਾ ਹੈ।

ਸ਼ੇਅਰ ਬਾਜ਼ਰ ’ਚ ਲਗਾਤਾਰ ਤੀਜੇ ਦਿਨ ਗਿਰਾਵਟ, ਸੈਂਸੈਕਸ 456 ਅੰਕ ਡਿੱਗਾ

ਮੁੰਬਈ: ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਮੰਗਲਵਾਰ ਨੂੰ ਲਗਾਤਾਰ ਤੀਜੇ ਸੈਸ਼ਨ ’ਚ ਡਿੱਗਿਆ ਅਤੇ ਸੈਂਸੈਕਸ ’ਚ 456 ਅੰਕ ਦੀ ਗਿਰਾਵਟ ਦਰਜ ਕੀਤੀ ਗਈ। ਆਲਮੀ ਬਾਜ਼ਾਰਾਂ ’ਚ ਕਮਜ਼ੋਰ ਸੰਕੇਤਾਂ ਅਤੇ ਪਛਮੀ ਏਸ਼ੀਆ ’ਚ ਤਣਾਅ ਵਧਣ ਦੇ ਖਦਸ਼ੇ ਦਰਮਿਆਨ ਮੁੱਖ ਤੌਰ ’ਤੇ ਸੂਚਨਾ ਤਕਨਾਲੋਜੀ (ਆਈ.ਟੀ.) ਸ਼ੇਅਰਾਂ ’ਚ ਭਾਰੀ ਵਿਕਰੀ ਕਾਰਨ ਸੈਂਸੈਕਸ ਕਾਰੋਬਾਰ ’ਚ ਤੇਜ਼ੀ ਆਈ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਨਿਕਾਸੀ ਨੇ ਵੀ ਨਿਵੇਸ਼ਕਾਂ ਦੀ ਭਾਵਨਾ ਨੂੰ ਪ੍ਰਭਾਵਤ ਕੀਤਾ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 456.10 ਅੰਕ ਯਾਨੀ 0.62 ਫੀ ਸਦੀ ਦੀ ਗਿਰਾਵਟ ਨਾਲ 72,943.68 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 714.75 ਅੰਕ ’ਤੇ ਆ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 124.60 ਅੰਕ ਯਾਨੀ 0.56 ਫੀ ਸਦੀ ਡਿੱਗ ਕੇ 22,147.90 ਅੰਕ ’ਤੇ ਬੰਦ ਹੋਇਆ। 

ਇੰਫੋਸਿਸ, ਇੰਡਸਇੰਡ ਬੈਂਕ, ਬਜਾਜ ਫਿਨਸਰਵ, ਵਿਪਰੋ, ਐਚਸੀਐਲ ਟੈਕਨੋਲੋਜੀਜ਼, ਬਜਾਜ ਫਾਈਨਾਂਸ, ਟੈਕ ਮਹਿੰਦਰਾ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਲਾਰਸਨ ਐਂਡ ਟੂਬਰੋ ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ। ਦੂਜੇ ਪਾਸੇ ਟਾਈਟਨ, ਐਚ.ਯੂ.ਐਲ., ਐਚ.ਡੀ.ਐਫ.ਸੀ. ਬੈਂਕ, ਮਾਰੂਤੀ, ਆਈ.ਟੀ. ਸੀ, ਪਾਵਰਗ੍ਰਿਡ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ’ਚ ਵਾਧਾ ਹੋਇਆ। ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਗਲੋਬਲ ਸਿਆਸੀ ਤਣਾਅ ਦੇ ਡਰ ਅਤੇ ਹਾਲ ਹੀ ’ਚ ਨੀਤੀਗਤ ਦਰਾਂ ’ਚ ਕਟੌਤੀ ਦੀ ਸੰਭਾਵਨਾ ਦੇ ਮੱਦੇਨਜ਼ਰ ਘਰੇਲੂ ਬਾਜ਼ਾਰ ’ਚ ਲਗਾਤਾਰ ਤੀਜੇ ਦਿਨ ਗਿਰਾਵਟ ਦਰਜ ਕੀਤੀ ਗਈ। ਅਮਰੀਕੀ ਪ੍ਰਚੂਨ ਵਿਕਰੀ ਦੇ ਅੰਕੜਿਆਂ ਦੇ ਉਮੀਦ ਨਾਲੋਂ ਮਜ਼ਬੂਤ ਹੋਣ ਤੋਂ ਬਾਅਦ ਚਿੰਤਾ ਵਧੀ ਹੈ। ਇਸ ਨਾਲ ਇਹ ਧਾਰਨਾ ਵਧ ਗਈ ਕਿ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੀ ਨੀਤੀਗਤ ਦਰਾਂ ’ਚ ਕਟੌਤੀ ’ਚ ਦੇਰੀ ਕਰ ਸਕਦਾ ਹੈ। ਇਸ ਨਾਲ ਡਾਲਰ ਇੰਡੈਕਸ ਅਤੇ ਯੂ.ਐਸ. ਬਾਂਡ ਯੀਲਡ ’ਚ ਮਹੱਤਵਪੂਰਨ ਵਾਧਾ ਹੋਇਆ ਹੈ। 

ਉਨ੍ਹਾਂ ਕਿਹਾ ਕਿ ਆਈ.ਟੀ. ਸੈਕਟਰ ’ਚ ਗਿਰਾਵਟ ਦਰਜ ਕੀਤੀ ਗਈ ਹੈ। ਆਈ.ਟੀ. ਕੰਪਨੀਆਂ ਮੁੱਖ ਤੌਰ ’ਤੇ ਅਮਰੀਕਾ ’ਚ ਸੋਚ-ਸਮਝ ਕੇ ਖਰਚ ’ਚ ਕਮੀ ਦੇ ਡਰ ਕਾਰਨ ਡਿੱਗੀਆਂ, ਜਿਸ ਨਾਲ ਕੰਪਨੀਆਂ ਦੀ ਕਮਾਈ ’ਤੇ ਅਸਰ ਪਵੇਗਾ। ਇਸ ਤੋਂ ਇਲਾਵਾ ਘਰੇਲੂ ਕੰਪਨੀਆਂ ਦੀ ਚੌਥੀ ਤਿਮਾਹੀ ਦੇ ਹਲਕੇ ਵਿੱਤੀ ਨਤੀਜਿਆਂ ਦਾ ਵੀ ਬਾਜ਼ਾਰ ’ਤੇ ਅਸਰ ਪਿਆ ਹੈ। ਬੀ.ਐਸ.ਈ. ਦਾ ਸਮਾਲਕੈਪ ਇੰਡੈਕਸ 0.57 ਫੀ ਸਦੀ ਵਧਿਆ, ਜਦਕਿ ਮਿਡਕੈਪ 0.05 ਫੀ ਸਦੀ ਵਧਿਆ। 

ਬੁਧਵਾਰ ਨੂੰ ‘ਰਾਮ ਨੌਮੀ’ ਦੇ ਕਾਰਨ ਸ਼ੇਅਰ ਬਾਜ਼ਾਰ ਬੰਦ ਰਹਿਣਗੇ। ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਅਤੇ ਹਾਂਗਕਾਂਗ ਦਾ ਹੈਂਗਸੇਂਗ ਗਿਰਾਵਟ ’ਚ ਬੰਦ ਹੋਏ। ਯੂਰਪ ਦੇ ਬਾਜ਼ਾਰ ਅਪਣੇ ਸ਼ੁਰੂਆਤੀ ਸੌਦਿਆਂ ’ਚ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ। ਅਮਰੀਕੀ ਬਾਜ਼ਾਰ ਵਾਲ ਸਟ੍ਰੀਟ ਸੋਮਵਾਰ ਨੂੰ ਹੇਠਾਂ ਸੀ। ਇਜ਼ਰਾਈਲ ਦੇ ਫੌਜ ਮੁਖੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਈਰਾਨ ਦੇ ਹਮਲੇ ਦਾ ਜਵਾਬ ਦੇਵੇਗਾ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦਸਿਆ ਕਿ ਇਹ ਹਮਲਾ ਕਦੋਂ ਅਤੇ ਕਿਵੇਂ ਕੀਤਾ ਜਾਵੇਗਾ। ਇਸ ਦੌਰਾਨ ਵਿਸ਼ਵ ਨੇਤਾਵਾਂ ਨੇ ਇਜ਼ਰਾਈਲ ਨੂੰ ਪਛਮੀ ਏਸ਼ੀਆ ’ਚ ਜਵਾਬੀ ਕਾਰਵਾਈ ਤੋਂ ਬਚਣ ਦੀ ਅਪੀਲ ਕੀਤੀ ਹੈ। 

ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.26 ਫੀ ਸਦੀ ਦੀ ਗਿਰਾਵਟ ਨਾਲ 89.87 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸੋਮਵਾਰ ਨੂੰ 3,268 ਕਰੋੜ ਰੁਪਏ ਦੇ ਸ਼ੇਅਰ ਵੇਚੇ। ਸੋਮਵਾਰ ਨੂੰ ਬੀ.ਐਸ.ਈ. ਸੈਂਸੈਕਸ 845.12 ਅੰਕ ਡਿੱਗਿਆ ਸੀ, ਜਦਕਿ ਐਨ.ਐਸ.ਈ. ਨਿਫਟੀ 246.90 ਅੰਕ ਡਿੱਗਿਆ ਸੀ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement