
ਪਟਰੌਲ ਅਤੇ ‘ਹਾਈ-ਸਪੀਡ’ ਡੀਜ਼ਲ ਦੀਆਂ ਕੀਮਤਾਂ ’ਚ 330 ਰੁਪਏ ਪ੍ਰਤੀ ਲੀਟਰ ਤੋਂ ਵਧੀਆਂ
ਇਸਲਾਮਾਬਾਦ: ਪਾਕਿਸਤਾਨ ਦੀ ਨਿਗਰਾਨ ਸਰਕਾਰ ਨੇ ਇਕ ਵਾਰ ਫਿਰ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰਦੇ ਹੋਏ ਇਸ ਨੂੰ ਰੀਕਾਰਡ ਪੱਧਰ ’ਤੇ ਪਹੁੰਚਾ ਦਿਤਾ ਹੈ। ਨਕਦੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰ ਰਹੇ ਪਾਕਿਸਤਾਨ ’ਚ ਪਟਰੌਲ ਅਤੇ ਡੀਜ਼ਲ ਦੀ ਕੀਮਤ 330 ਰੁਪਏ ਪ੍ਰਤੀ ਲੀਟਰ ਦੇ ਕਰੀਬ ਪਹੁੰਚ ਗਈ ਹੈ, ਜਦਕਿ ਮਹਿੰਗਾਈ ਦਰ ਪਹਿਲਾਂ ਹੀ ਦੋਹਰੇ ਅੰਕਾਂ ’ਤੇ ਪਹੁੰਚ ਚੁੱਕੀ ਹੈ।
ਕਾਰਜਵਾਹਕ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕੱਕੜ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਵਿੱਤ ਮੰਤਰਾਲੇ ਨੇ ਸ਼ੁਕਰਵਾਰ ਰਾਤ ਨੂੰ ਪਟਰੌਲ ਦੀ ਕੀਮਤ 26.02 ਰੁਪਏ ਅਤੇ ਡੀਜ਼ਲ ਦੀ ਕੀਮਤ 17.34 ਰੁਪਏ ਪ੍ਰਤੀ ਲੀਟਰ ਵਧਾਉਣ ਦਾ ਹੁਕਮ ਜਾਰੀ ਕੀਤਾ। ਇਸ ਤੋਂ ਬਾਅਦ ਪਟਰੋਲ ਅਤੇ ‘ਹਾਈ-ਸਪੀਡ’ ਡੀਜ਼ਲ (ਐਚ.ਐੱਸ.ਡੀ.) ਦੀਆਂ ਕੀਮਤਾਂ ’ਚ 330 ਰੁਪਏ ਪ੍ਰਤੀ ਲੀਟਰ ਤੋਂ ਵੱਧ ਹੋ ਗਈਆਂ ਹਨ।
ਅਖਬਾਰ ‘ਡਾਨ’ ਨੇ ਕਿਹਾ ਕਿ ਪਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 330 ਰੁਪਏ ਪ੍ਰਤੀ ਲੀਟਰ ਤਕ ਪਹੁੰਚਣਾ ਇਕ ਮਨੋਵਿਗਿਆਨਕ ਰੁਕਾਵਟ ਦੇ ਟੁੱਟਣ ਵਾਂਗ ਹੈ। ਪਟਰੌਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਅਗੱਸਤ ’ਚ ਮਹਿੰਗਾਈ ਦਰ 27.4 ਫ਼ੀ ਸਦੀ ਤੋਂ ਵੱਧ ਵਧਣ ਮਗਰੋਂ ਆਇਆ ਹੈ। ਇਸ ਤੋਂ ਪਹਿਲਾਂ 1 ਸਤੰਬਰ ਨੂੰ ਵੀ ਨਿਗਰਾਨ ਸਰਕਾਰ ਨੇ ਪਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ 14 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ।
ਇਨ੍ਹਾਂ ਪਟਰੌਲੀਅਮ ਪਦਾਰਥਾਂ ਦੀਆਂ ਕੀਮਤਾਂ ’ਚ ਇਕ ਪੰਦਰਵਾੜੇ ਵਿਚ ਦੋ ਵਾਰ ਵਾਧਾ ਹੋਣ ਨਾਲ ਪਾਕਿਸਤਾਨ ਦੇ ਲੋਕਾਂ ’ਤੇ ਆਰਥਕ ਬੋਝ ਵਧੇਗਾ। ਪਟਰੌਲ ਅਤੇ ਐਚ.ਐੱਸ.ਡੀ. ਦੀ ਵਰਤੋਂ ਸਾਰੇ ਨਿੱਜੀ ਅਤੇ ਜਨਤਕ ਸੇਵਾ ਗੱਡੀਆਂ ਵਲੋਂ ਕੀਤੀ ਜਾਂਦੀ ਹੈ।