
ਪ੍ਰਚੂਨ ਅਤੇ ਥੋਕ ਮਹਿੰਗਾਈ 'ਚ ਨਰਮੀ ਨੂੰ ਵੇਖਦੇ ਹੋਏ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਕਰੰਸੀ ਨੀਤੀ ਕਮੇਟੀ ਆਪਣੀ ਅਗਲੀ ਬੈਠਕ 'ਚ......
ਮੁੰਬਈ : ਪ੍ਰਚੂਨ ਅਤੇ ਥੋਕ ਮਹਿੰਗਾਈ 'ਚ ਨਰਮੀ ਨੂੰ ਵੇਖਦੇ ਹੋਏ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਕਰੰਸੀ ਨੀਤੀ ਕਮੇਟੀ ਆਪਣੀ ਅਗਲੀ ਬੈਠਕ 'ਚ ਨੀਤੀਗਤ ਵਿਆਜ ਦਰਾਂ ਬਾਰੇ ਆਪਣਾ ਰੁਖ ਨਰਮ ਕਰ ਸਕਦੀ ਹੈ। ਵਿੱਤੀ ਸੇਵਾ ਖੇਤਰ ਬਾਰੇ ਇਕ ਰਿਪੋਰਟ 'ਚ ਇਹ ਅੰਦਾਜ਼ਾ ਲਾਇਆ ਗਿਆ ਹੈ। ਆਰ. ਬੀ. ਆਈ. ਨੇ ਅਜੇ ਕਰੰਸੀ ਨੀਤੀ ਬਾਰੇ 'ਨਾਪ-ਤੋਲ ਕਰ ਕੇ ਸਖਤੀ' ਕਰਨ ਦਾ ਰੁਖ ਅਪਣਾਇਆ ਹੋਇਆ ਹੈ। ਕੋਟਕ ਦੀ ਰਿਸਰਚ ਰਿਪੋਰਟ ਦਾ ਕਹਿਣਾ ਹੈ ਕਿ ਕਰੰਸੀ ਨੀਤੀ ਕਮੇਟੀ ਮਹਿੰਗਾਈ ਦੇ ਹੋਰ ਨਰਮ ਪੈਣ ਤੋਂ ਬਾਅਦ ਆਪਣੇ ਰੁਖ ਨੂੰ 'ਨਿਊਟ੍ਰਲ' ਕਰ ਸਕਦੀ ਹੈ।
ਖਪਤਕਾਰ ਮੁੱਲ ਸੂਚਕ ਅੰਕ 'ਤੇ ਆਧਾਰਿਤ ਮਹਿੰਗਾਈ ਦੀ ਦਰ ਦਸੰਬਰ 'ਚ ਡਿੱਗ ਕੇ 2.19 ਫੀਸਦੀ 'ਤੇ ਆ ਗਈ ਸੀ, ਜੋ ਇਕ ਮਹੀਨਾ ਪਹਿਲਾਂ 2.33 ਫੀਸਦੀ ਅਤੇ ਦਸੰਬਰ 2017 'ਚ 5.21 ਫੀਸਦੀ ਸੀ। ਇਹ ਪ੍ਰਚੂਨ ਮਹਿੰਗਾਈ ਦਾ 18 ਮਹੀਨਿਆਂ ਦਾ ਹੇਠਲਾ ਪੱਧਰ ਹੈ। ਇਸੇ ਤਰ੍ਹਾਂ ਥੋਕ ਮੁੱਲ ਸੂਚਕ ਅੰਕ 'ਤੇ ਆਧਾਰਿਤ ਮਹਿੰਗਾਈ ਵੀ ਦਸੰਬਰ 'ਚ 3.80 ਫੀਸਦੀ 'ਤੇ ਆ ਗਈ।
ਇਹ ਇਸ ਦਾ 8 ਮਹੀਨਿਆਂ ਦਾ ਹੇਠਲਾ ਪੱਧਰ ਹੈ। ਇਸ ਤੋਂ ਇਕ ਮਹੀਨਾ ਪਹਿਲਾਂ ਥੋਕ ਮਹਿੰਗਾਈ 4.64 ਫੀਸਦੀ ਅਤੇ ਦਸੰਬਰ 2017 'ਚ 3.58 ਫੀਸਦੀ ਸੀ। ਇਹ ਲਗਾਤਾਰ 5ਵਾਂ ਮਹੀਨਾ ਹੈ, ਜਦੋਂ ਇਹ 4 ਫੀਸਦੀ ਤੋਂ ਹੇਠਾਂ ਹੈ। ਰਿਜ਼ਰਵ ਬੈਂਕ ਦੇ ਸਾਹਮਣੇ ਇਸ ਨੂੰ 4 ਫੀਸਦੀ ਦੇ ਆਸ-ਪਾਸ ਬਣਾਏ ਰੱਖਣ ਦਾ ਟੀਚਾ ਦਿਤਾ ਗਿਆ ਹੈ।