
ਦੋਹਾਂ ਉਦਯੋਗਪਤੀਆਂ ਨੇ 2019 ’ਚ ਹਾਈ ਕੋਰਟ ’ਚ ਇਕ ਪਟੀਸ਼ਨ ਦਾਇਰ ਕੀਤੀ ਸੀ ਜਿਸ ’ਚ ਸੈਸ਼ਨ ਕੋਰਟ ਦੇ ਉਸ ਹੁਕਮ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ
ਮੁੰਬਈ : ਬੰਬਈ ਹਾਈ ਕੋਰਟ ਨੇ ਸੋਮਵਾਰ ਨੂੰ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਅਤੇ ਮੈਨੇਜਿੰਗ ਡਾਇਰੈਕਟਰ ਰਾਜੇਸ਼ ਅਡਾਨੀ ਨੂੰ ਲਗਭਗ 388 ਕਰੋੜ ਰੁਪਏ ਦੇ ਬਾਜ਼ਾਰ ਨਿਯਮਾਂ ਦੀ ਕਥਿਤ ਉਲੰਘਣਾ ਦੇ ਮਾਮਲੇ ’ਚ ਬਰੀ ਕਰ ਦਿਤਾ। ਗੰਭੀਰ ਧੋਖਾਧੜੀ ਜਾਂਚ ਦਫਤਰ (ਐਸ.ਐਫ.ਆਈ.ਓ.) ਨੇ 2012 ’ਚ ਅਡਾਨੀ ਐਂਟਰਪ੍ਰਾਈਜ਼ਜ਼ ਲਿਮਟਿਡ (ਏ.ਈ.ਐਲ.) ਅਤੇ ਇਸ ਦੇ ਪ੍ਰਮੋਟਰਾਂ ਗੌਤਮ ਅਡਾਨੀ ਅਤੇ ਰਾਜੇਸ਼ ਅਡਾਨੀ ਵਿਰੁਧ ਕੇਸ ਸ਼ੁਰੂ ਕੀਤਾ ਸੀ। ਜਾਂਚ ਸੰਸਥਾ ਨੇ ਉਨ੍ਹਾਂ ਵਿਰੁਧ ਅਪਰਾਧਕ ਸਾਜ਼ਸ਼ ਅਤੇ ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ ਚਾਰਜਸ਼ੀਟ ਦਾਇਰ ਕੀਤੀ ਸੀ।
ਦੋਹਾਂ ਉਦਯੋਗਪਤੀਆਂ ਨੇ 2019 ’ਚ ਹਾਈ ਕੋਰਟ ’ਚ ਇਕ ਪਟੀਸ਼ਨ ਦਾਇਰ ਕੀਤੀ ਸੀ ਜਿਸ ’ਚ ਸੈਸ਼ਨ ਕੋਰਟ ਦੇ ਉਸ ਹੁਕਮ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਜਿਸ ’ਚ ਉਨ੍ਹਾਂ ਨੂੰ ਕੇਸ ਤੋਂ ਬਰੀ ਕਰਨ ਤੋਂ ਇਨਕਾਰ ਕਰ ਦਿਤਾ ਗਿਆ ਸੀ। ਜਸਟਿਸ ਆਰ.ਐਨ. ਲੱਧਾ ਦੀ ਅਗਵਾਈ ਵਾਲੇ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਸੋਮਵਾਰ ਨੂੰ ਸੈਸ਼ਨ ਕੋਰਟ ਦੇ ਹੁਕਮ ਨੂੰ ਰੱਦ ਕਰ ਦਿਤਾ ਅਤੇ ਦੋਹਾਂ ਨੂੰ ਇਸ ਮਾਮਲੇ ’ਚ ਬਰੀ ਕਰ ਦਿਤਾ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਦਸੰਬਰ 2019 ’ਚ ਸੈਸ਼ਨ ਕੋਰਟ ਦੇ ਹੁਕਮ ’ਤੇ ਰੋਕ ਲਗਾ ਦਿਤੀ ਸੀ ਅਤੇ ਸਮੇਂ-ਸਮੇਂ ’ਤੇ ਇਸ ਨੂੰ ਵਧਾਇਆ ਗਿਆ ਸੀ।