
ਕੇਂਦਰੀ ਵਿੱਤ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੌਜੁਆਨਾਂ ਨੂੰ ਇਸ ਯੋਜਨਾ ਨਾਲ ਜੁੜਨ ਲਈ ਉਤਸ਼ਾਹਤ ਕਰਨ
ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ (ਪੀ.ਐੱਮ.ਈ.ਡੀ.ਐੱਸ.) ਲਈ ਇਕ ਮੋਬਾਈਲ ਐਪਲੀਕੇਸ਼ਨ ਜਾਰੀ ਕੀਤੀ ਅਤੇ ਵੱਧ ਤੋਂ ਵੱਧ ਕੰਪਨੀਆਂ ਨੂੰ ਇਸ ਪ੍ਰੋਗਰਾਮ ਨਾਲ ਜੁੜਨ ਦੀ ਅਪੀਲ ਕੀਤੀ।
ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੌਜੁਆਨਾਂ ਨੂੰ ਇਸ ਯੋਜਨਾ ਨਾਲ ਜੁੜਨ ਲਈ ਉਤਸ਼ਾਹਤ ਕਰਨ। ਵਿੱਤੀ ਸਾਲ 2024-25 ਦੌਰਾਨ ਨੌਜੁਆਨਾਂ ਨੂੰ 1.25 ਲੱਖ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰਨ ਦੇ ਟੀਚੇ ਨਾਲ ਇਸ ਯੋਜਨਾ ਦਾ ਪਾਇਲਟ ਪ੍ਰਾਜੈਕਟ 3 ਅਕਤੂਬਰ, 2024 ਨੂੰ ਸ਼ੁਰੂ ਕੀਤਾ ਗਿਆ ਸੀ।
ਸੋਮਵਾਰ ਨੂੰ ਕੌਮੀ ਰਾਜਧਾਨੀ ’ਚ ਐਪ ਲਾਂਚ ਕਰਨ ਤੋਂ ਬਾਅਦ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਸੀਤਾਰਮਨ ਨੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਤੋਂ ਨੌਜੁਆਨਾਂ ਨੂੰ ਲਿਆਉਣਾ ਅਤੇ ਉਨ੍ਹਾਂ ਨੂੰ ਉਦਯੋਗ ਵਲੋਂ ਲੋੜੀਂਦੇ ਹੁਨਰ ਅਤੇ ਨੌਕਰੀ ਦੀ ਉਪਲਬਧਤਾ ਨੂੰ ਸਮਝਣ ’ਚ ਸਹਾਇਤਾ ਕਰਨਾ ਹੈ।
ਸੀਤਾਰਮਨ ਨੇ ਕਿਹਾ ਕਿ ਇਹ ਯੋਜਨਾ ਕੌਮੀ ਹਿੱਤ ਲਈ ਹੈ ਅਤੇ ਵੱਧ ਤੋਂ ਵੱਧ ਕਾਰੋਬਾਰਾਂ ਨੂੰ ਇਸ ਦਾ ਹਿੱਸਾ ਬਣਨ ਦੀ ਅਪੀਲ ਕੀਤੀ।
ਯੋਜਨਾ ਦੇ ਪਾਇਲਟ ਪ੍ਰਾਜੈਕਟ ਦੇ ਪਹਿਲੇ ਗੇੜ ’ਚ, ਕੰਪਨੀਆਂ ਵਲੋਂ 1.27 ਲੱਖ ਤੋਂ ਵੱਧ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕੀਤੇ ਗਏ ਸਨ ਅਤੇ ਪ੍ਰਾਜੈਕਟ ਦਾ ਦੂਜਾ ਪੜਾਅ ਇਸ ਸਾਲ ਜਨਵਰੀ ’ਚ ਸ਼ੁਰੂ ਹੋਇਆ ਸੀ, ਜਿਸ ਦੇ ਤਹਿਤ ਲਗਭਗ 327 ਕੰਪਨੀਆਂ ਵਲੋਂ 1.18 ਲੱਖ ਤੋਂ ਵੱਧ ਇੰਟਰਨਸ਼ਿਪ ਦੇ ਮੌਕਿਆਂ ਨੂੰ ਨੋਟੀਫਾਈ ਕੀਤਾ ਗਿਆ ਸੀ। ਦੂਜੇ ਗੇੜ ’ਚ ਅਰਜ਼ੀ ਦੇਣ ਦੀ ਆਖ਼ਰੀ ਤਰੀਕ 31 ਮਾਰਚ ਹੈ।