ਇੰਡੀਅਨ ਵੈਜੀਟੇਬਲ ਆਇਲ ਪ੍ਰੋਡਿਊਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਧਾਕਰ ਰਾਓ ਦੇਸਾਈ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਵਿਚ ਕਮੀ ਦਾ ਅਸਰ ਤੁਰੰਤ ਖਪਤਕਾਰਾਂ ਤੱਕ ਪਹੁੰਚੇਗਾ
ਨਵੀਂ ਦਿੱਲੀ: ਵਧਦੀ ਮਹਿੰਗਾਈ ਦੇ ਚਲਦਿਆਂ ਨਾਮੀ ਤੇਲ ਕੰਪਨੀਆਂ ਨੇ ਖ਼ੁਰਾਕੀ ਤੇਲ ਵਿਚ ਕਟੌਤੀ ਕੀਤੀ ਹੈ। ਇਸ ਨਾਲ ਘਰੇਲੂ ਖ਼ਪਤਕਾਰਾਂ ਨੂੰ ਰਾਹਤ ਮਿਲੀ ਹੈ। ਤੇਲ ਕੰਪਨੀਆਂ ਨੇ ਸੋਇਆ, ਪਾਮ ਅਤੇ ਸੂਰਜਮੁਖੀ ਦੇ ਤੇਲ ਵਿਚ 15 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਕੀਤੀ ਹੈ। ਖ਼ੁਰਾਕੀ ਤੇਲ ਵੇਚਣ ਵਾਲੇ ਬਰਾਂਡ ਧਾਰਾ ਆਪਣੇ ਸਰ੍ਹੋਂ ਅਤੇ ਰਿਫਾਇੰਡ ਤੇਲ ਦੀਆਂ ਕੀਮਤਾਂ ਵਿਚ 15 ਰੁਪਏ ਦੀ ਕਟੌਤੀ ਕਰਨ ਜਾ ਰਿਹਾ ਹੈ। ਇਹ ਮਦਰ ਡੇਅਰੀ ਦੀ ਇਕ ਕੰਪਨੀ ਹੈ। ਜਿਸ ਵਿਚ ਸਰ੍ਹੋਂ, ਸੋਇਆਬੀਨ ਅਤੇ ਸੂਰਜਮੁਖੀ ਦੇ ਤੇਲ ਦੀਆਂ ਕੀਮਤਾਂ ਘਟਾਉਣ ਦਾ ਐਲਾਨ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਕੱਲ੍ਹ ਯਾਨੀ ਵੀਰਵਾਰ ਨੂੰ ਬ੍ਰਾਂਡੇਡ ਖਾਣ ਵਾਲੇ ਤੇਲ ਨਿਰਮਾਤਾਵਾਂ ਨੇ ਪਾਮ, ਸੂਰਜਮੁਖੀ ਅਤੇ ਸੋਇਆਬੀਨ ਤੇਲ ਦੀਆਂ ਕੀਮਤਾਂ ਵਿਚ 20 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਕੀਤੀ ਸੀ। ਇਹ ਕਟੌਤੀ ਅੰਤਰਰਾਸ਼ਟਰੀ ਕੀਮਤਾਂ 'ਚ ਨਰਮੀ ਤੋਂ ਬਾਅਦ ਕੀਤੀ ਗਈ ਹੈ। ਇਸ ਗਿਰਾਵਟ ਨਾਲ ਗਾਹਕਾਂ ਨੂੰ ਮਹਿੰਗਾਈ ਤੋਂ ਕੁਝ ਰਾਹਤ ਮਿਲੀ ਹੈ। ਖਾਣ ਵਾਲੇ ਤੇਲ ਦੀਆਂ ਪ੍ਰਮੁੱਖ ਕੰਪਨੀਆਂ ਅਡਾਨੀ ਵਿਲਮਰ ਅਤੇ ਰੁਚੀ ਇੰਡਸਟਰੀਜ਼ ਤੋਂ ਇਲਾਵਾ ਜੇਮਿਨੀ ਐਡੀਬਲਜ਼ ਐਂਡ ਫੈਟਸ ਇੰਡੀਆ, ਮੋਦੀ ਨੈਚੁਰਲਜ਼, ਗੋਕੁਲ ਰੀ-ਫੋਇਲ ਐਂਡ ਸਾਲਵੈਂਟ, ਵਿਜੇ ਸੋਲਵੈਕਸ, ਗੋਕੁਲ ਐਗਰੋ ਰਿਸੋਰਸਜ਼ ਅਤੇ ਐਨ.ਕੇ. ਪ੍ਰੋਟੀਨ ਨੇ ਤੇਲ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਸੀ।
ਹੁਣ ਇਸ ਵਿਚ ਮਦਰ ਡੇਅਰੀ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਮਦਰ ਡੇਅਰੀ ਨੇ ਇਕ ਬਿਆਨ ਵਿੱਚ ਕਿਹਾ ਕਿ ਧਾਰਾ ਬ੍ਰਾਂਡ ਦੇ ਤਹਿਤ ਸਾਰੇ ਵਰਗਾਂ ਦੇ ਤੇਲ ਦੀਆਂ ਕੀਮਤਾਂ ਵਿਚ 15 ਰੁਪਏ ਤੱਕ ਦੀ ਕਟੌਤੀ ਕੀਤੀ ਜਾ ਰਹੀ ਹੈ। ਕੀਮਤ 'ਚ ਇਹ ਕਟੌਤੀ MRP 'ਤੇ ਹੋਵੇਗੀ। ਸਰਕਾਰ ਦੀਆਂ ਕੋਸ਼ਿਸ਼ਾਂ, ਅੰਤਰਰਾਸ਼ਟਰੀ ਬਾਜ਼ਾਰਾਂ ਦੇ ਘਟਦੇ ਪ੍ਰਭਾਵ ਅਤੇ ਘਰੇਲੂ ਪੱਧਰ 'ਤੇ ਸੂਰਜਮੁਖੀ ਦੇ ਤੇਲ ਦੀ ਉਪਲਬਧਤਾ ਦੇ ਮੱਦੇਨਜ਼ਰ ਕੰਪਨੀ ਸਰ੍ਹੋਂ, ਸੋਇਆਬੀਨ ਅਤੇ ਸੂਰਜਮੁਖੀ ਦੇ ਤੇਲ ਦੀਆਂ ਕੀਮਤਾਂ ਘਟਾਉਣ ਜਾ ਰਹੀ ਹੈ। ਮਦਰ ਡੇਅਰੀ ਨੇ ਸਪੱਸ਼ਟ ਕੀਤਾ ਕਿ ਸਰ੍ਹੋਂ ਦੇ ਤੇਲ ਦੇ ਪੈਕਟਾਂ ਦੀਆਂ ਘਟੀਆਂ ਕੀਮਤਾਂ ਜਲਦੀ ਹੀ ਬਾਜ਼ਾਰ ਵਿਚ ਪਹੁੰਚ ਜਾਣਗੀਆਂ।
ਇੰਡੀਅਨ ਵੈਜੀਟੇਬਲ ਆਇਲ ਪ੍ਰੋਡਿਊਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਧਾਕਰ ਰਾਓ ਦੇਸਾਈ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਵਿਚ ਕਮੀ ਦਾ ਅਸਰ ਤੁਰੰਤ ਖਪਤਕਾਰਾਂ ਤੱਕ ਪਹੁੰਚੇਗਾ। ਇਸ ਸਮੇਂ ਪਾਮ ਤੇਲ ਦੀ ਕੀਮਤ 7-8 ਰੁਪਏ ਪ੍ਰਤੀ ਲੀਟਰ, ਸੂਰਜਮੁਖੀ ਅਤੇ ਸਰ੍ਹੋਂ ਦਾ ਤੇਲ 10-15 ਰੁਪਏ ਪ੍ਰਤੀ ਲੀਟਰ ਅਤੇ ਸੋਇਆਬੀਨ ਤੇਲ 5 ਰੁਪਏ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ। ਇਸ ਦੌਰਾਨ ਸਭ ਤੋਂ ਵੱਧ ਵਿਕਣ ਵਾਲੀ ਖਾਣ ਵਾਲੇ ਤੇਲ ਕੰਪਨੀ ਅਡਾਨੀ ਵਿਲਮਰ ਦੇ ਮੈਨੇਜਿੰਗ ਡਾਇਰੈਕਟਰ ਅੰਗੂਸ਼ ਮਲਿਕ ਦਾ ਕਹਿਣਾ ਹੈ ਕਿ ਕੰਪਨੀ ਆਪਣੀ ਫਾਰਚੂਨ ਬ੍ਰਾਂਜ਼ ਤਹਿਤ ਲਗਭਗ ਸਾਰੀਆਂ ਸ਼੍ਰੇਣੀਆਂ ਦੇ ਤੇਲ ਦੀਆਂ ਕੀਮਤਾਂ ਘਟਾਉਣ ਜਾ ਰਹੀ ਹੈ।
ਮਾਰਕੀਟ ਦੇ ਰੁਝਾਨ ਨੂੰ ਧਿਆਨ ਵਿਚ ਰੱਖਦੇ ਹੋਏ, ਅਗਲੇ ਹਫ਼ਤੇ ਤੱਕ ਐਮਆਰਪੀ ਕੱਟ ਪੈਕਿੰਗ ਬਾਜ਼ਾਰ ਵਿਚ ਪਹੁੰਚ ਜਾਵੇਗੀ। ਦੂਜੇ ਪਾਸੇ ਹੈਦਰਾਬਾਦ ਸਥਿਤ ਜੇਮਿਨੀ ਐਡੀਬਲਜ਼ ਐਂਡ ਫੈਟਸ ਇੰਡੀਆ ਨੇ ਪਿਛਲੇ ਹਫਤੇ ਆਪਣੇ ਫ੍ਰੀਡਮ ਸਨਫਲਾਵਰ ਆਇਲ ਦੇ ਇਕ ਲੀਟਰ ਪੈਚ ਦੀ ਕੀਮਤ 15 ਰੁਪਏ ਤੱਕ ਘਟਾ ਕੇ 220 ਰੁਪਏ ਕਰ ਦਿੱਤੀ ਸੀ। ਇਸ ਹਫਤੇ ਕੰਪਨੀ ਇਸ ਦੀ ਕੀਮਤ 'ਚ 20 ਰੁਪਏ ਪ੍ਰਤੀ ਲੀਟਰ ਹੋਰ ਕਟੌਤੀ ਕਰਨ ਜਾ ਰਹੀ ਹੈ।ਕੱਚੇ ਸੂਰਜਮੁਖੀ ਤੇਲ 'ਤੇ ਡਿਊਟੀ ਕਟੌਤੀ ਨੇ ਸੂਰਜਮੁਖੀ ਤੇਲ ਦੀਆਂ ਕੀਮਤਾਂ ਨੂੰ ਘਟਾਉਣ ਵਿਚ ਮਦਦ ਕੀਤੀ ਹੈ। ਇਸ ਤੋਂ ਇਲਾਵਾ ਪਿਛਲੇ ਕੁਝ ਹਫ਼ਤਿਆਂ ਤੋਂ ਅਰਜਨਟੀਨਾ ਅਤੇ ਰੂਸ ਵਰਗੇ ਦੇਸ਼ਾਂ ਤੋਂ ਸੂਰਜਮੁਖੀ ਦੇ ਤੇਲ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਕਾਰਨ ਕੀਮਤਾਂ ਹੇਠਾਂ ਆਈਆਂ ਹਨ।