
ਪਛਮੀ ਏਸ਼ੀਆ ’ਚ ਅਸਥਿਰਤਾ ਅਤੇ ਚੀਨ ਦੀਆਂ ਵਾਧੂ ਆਰਥਕ ਪ੍ਰੋਤਸਾਹਨ ਯੋਜਨਾਵਾਂ ਸੋਨੇ ਦੀ ਸੁਰੱਖਿਅਤ ਮੰਗ ਨੂੰ ਹੋਰ ਵਧਾ ਰਹੀਆਂ ਹਨ
ਨਵੀਂ ਦਿੱਲੀ : ਵਿਦੇਸ਼ਾਂ ’ਚ ਮਜ਼ਬੂਤ ਰੁਝਾਨ ਦੇ ਵਿਚਕਾਰ ਸਟਾਕਿਸਟਾਂ ਅਤੇ ਪ੍ਰਚੂਨ ਵਿਕਰੀਕਰਤਾਵਾਂ ਦੀ ਨਿਰੰਤਰ ਖਰੀਦਦਾਰੀ ਕਾਰਨ ਮੰਗਲਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ’ਚ 24 ਕੈਰੇਟ ਦਾ ਸੋਨਾ 500 ਰੁਪਏ ਦੀ ਤੇਜ਼ੀ ਨਾਲ 91,250 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰੀਕਾਰਡ ਪੱਧਰ ’ਤੇ ਪਹੁੰਚ ਗਿਆ। ਕੁਲ ਭਾਰਤੀ ਸਰਾਫਾ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿਤੀ।
ਇਸ ਤੋਂ ਇਲਾਵਾ 99.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ ਮੰਗਲਵਾਰ ਨੂੰ 450 ਰੁਪਏ ਦੀ ਤੇਜ਼ੀ ਨਾਲ 90,800 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ’ਤੇ ਪਹੁੰਚ ਗਿਆ, ਜੋ ਕੱਲ੍ਹ 90,350 ਰੁਪਏ ਪ੍ਰਤੀ 10 ਗ੍ਰਾਮ ਸੀ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਸੌਮਿਲ ਗਾਂਧੀ ਨੇ ਕਿਹਾ ਕਿ ਮੰਗਲਵਾਰ ਨੂੰ ਸੋਨੇ ’ਚ ਤੇਜ਼ੀ ਜਾਰੀ ਰਹੀ ਅਤੇ ਇਸ ਨੇ ਕੌਮਾਂਤਰੀ ਅਤੇ ਘਰੇਲੂ ਬਾਜ਼ਾਰ ’ਚ ਨਵੇਂ ਰੀਕਾਰਡ ਬਣਾਏ।
ਉਨ੍ਹਾਂ ਕਿਹਾ, ‘‘ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ, ਅਮਰੀਕੀ ਮੰਦੀ ਦੇ ਡਰ ਅਤੇ ਭੂ-ਸਿਆਸੀ ਅਨਿਸ਼ਚਿਤਤਾ ਕਾਰਨ ਸੋਨਾ ਇਕ ਆਕਰਸ਼ਕ ਪਨਾਹਗਾਹ ਬਣਿਆ ਹੋਇਆ ਹੈ।’’ ਇਸ ਤੋਂ ਇਲਾਵਾ, ਹਾਲ ਹੀ ’ਚ ਕਮਜ਼ੋਰ ਅਮਰੀਕੀ ਮੈਕਰੋ-ਆਰਥਕ ਅੰਕੜਿਆਂ ਨੇ ਉਮੀਦਾਂ ਨੂੰ ਵੀ ਮਜ਼ਬੂਤ ਕੀਤਾ ਹੈ ਕਿ ਅਮਰੀਕੀ ਫੈਡਰਲ ਰਿਜ਼ਰਵ ਇਸ ਸਾਲ ਕਈ ਵਾਰ ਵਿਆਜ ਦਰਾਂ ’ਚ ਕਟੌਤੀ ਕਰੇਗਾ, ਜਿਸ ਨਾਲ ਸੋਨੇ ਨੂੰ ਹੋਰ ਸਮਰਥਨ ਮਿਲੇਗਾ।
ਹਾਲਾਂਕਿ, ਚਾਂਦੀ ਦੀ ਕੀਮਤ 1,02,500 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਸਥਿਰ ਰਹੀ, ਜੋ ਇਸ ਦਾ ਇਤਿਹਾਸਕ ਉੱਚਾ ਪੱਧਰ ਹੈ। ਐਲਕੇਪੀ ਸਕਿਓਰਿਟੀਜ਼ ਦੇ ਕਮੋਡਿਟੀ ਐਂਡ ਕਰੰਸੀ ਦੇ ਵਾਈਸ ਪ੍ਰੈਜ਼ੀਡੈਂਟ ਜਤਿਨ ਤ੍ਰਿਵੇਦੀ ਨੇ ਕਿਹਾ ਕਿ ਪਛਮੀ ਏਸ਼ੀਆ ’ਚ ਅਸਥਿਰਤਾ ਅਤੇ ਚੀਨ ਦੀਆਂ ਵਾਧੂ ਆਰਥਕ ਪ੍ਰੋਤਸਾਹਨ ਯੋਜਨਾਵਾਂ ਸੋਨੇ ਦੀ ਸੁਰੱਖਿਅਤ ਮੰਗ ਨੂੰ ਹੋਰ ਵਧਾ ਰਹੀਆਂ ਹਨ।