
ਇਕ ਯੂਰਪੀਅਨ ਰੀਸਰਚ ਇੰਸਟੀਚਿਊਟ ਦੀ ਰੀਪੋਰਟ ’ਚ ਇਹ ਜਾਣਕਾਰੀ ਦਿਤੀ
ਨਵੀਂ ਦਿੱਲੀ : ਅਰਬਪਤੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ.ਆਈ.ਐਲ.) ਨੇ ਪਿਛਲੇ ਇਕ ਸਾਲ ’ਚ ਰੂਸ ਦੇ ਕੱਚੇ ਤੇਲ ਤੋਂ ਪ੍ਰਾਪਤ ਬਾਲਣ ਨੂੰ ਅਮਰੀਕਾ ’ਚ ਨਿਰਯਾਤ ਕਰ ਕੇ 724 ਮਿਲੀਅਨ ਯੂਰੋ (ਲਗਭਗ 6,850 ਕਰੋੜ ਰੁਪਏ) ਦੀ ਕਮਾਈ ਕੀਤੀ ਹੈ। ਇਕ ਯੂਰਪੀਅਨ ਰੀਸਰਚ ਇੰਸਟੀਚਿਊਟ ਦੀ ਰੀਪੋਰਟ ’ਚ ਇਹ ਜਾਣਕਾਰੀ ਦਿਤੀ ਗਈ ਹੈ।
ਸੈਂਟਰ ਫਾਰ ਰੀਸਰਚ ਆਨ ਐਨਰਜੀ ਐਂਡ ਕਲੀਨ ਏਅਰ (ਸੀ.ਆਰ.ਈ.ਏ.) ਨੇ ਅਪਣੀ ਰੀਪੋਰਟ ’ਚ ਕਿਹਾ ਕਿ ਜਨਵਰੀ 2024 ਤੋਂ ਜਨਵਰੀ 2025 ਦੇ ਅੰਤ ਤਕ ਅਮਰੀਕਾ ਨੇ ਭਾਰਤ ਅਤੇ ਤੁਰਕੀ ’ਚ ਰੂਸ ਦੀਆਂ 6 ਕੱਚੇ ਤੇਲ ਰਿਫਾਇਨਰੀਜ਼ ਤੋਂ 2.8 ਅਰਬ ਯੂਰੋ ਦੇ ਰਿਫਾਇਨ ਕੀਤੇ ਤੇਲ ਦੀ ਆਯਾਤ ਕੀਤੀ। ਰੂਸ ਦੇ ਕੱਚੇ ਤੇਲ ਦੀ ਰਿਫਾਇਨਿੰਗ ਨਾਲ 1.3 ਅਰਬ ਯੂਰੋ ਦਾ ਉਤਪਾਦਨ ਹੋਣ ਦਾ ਅਨੁਮਾਨ ਹੈ।’’
ਰੀਪੋਰਟ ਮੁਤਾਬਕ ਗੁਜਰਾਤ ਦੇ ਜਾਮਨਗਰ ਸਥਿਤ ਰਿਲਾਇੰਸ ਦੀਆਂ ਦੋ ਰਿਫਾਇਨਰੀਜ਼ ਤੋਂ ਅਮਰੀਕਾ ਵਲੋਂ ਪਟਰੌਲ ਅਤੇ ਡੀਜ਼ਲ ਵਰਗੇ ਬਾਲਣ ਦੀ ਆਯਾਤ ਦੋ ਅਰਬ ਯੂਰੋ ਦੀ ਸੀ। ਇਸ ਵਿਚੋਂ 724 ਮਿਲੀਅਨ ਯੂਰੋ ਰੂਸੀ ਕੱਚੇ ਤੇਲ ਤੋਂ ਰਿਫਾਈਨ ਹੋਣ ਦਾ ਅਨੁਮਾਨ ਹੈ।
ਫ਼ਰਵਰੀ 2022 ’ਚ ਯੂਕਰੇਨ ’ਤੇ ਹੋਏ ਹਮਲੇ ਤੋਂ ਬਾਅਦ ਰੂਸ ’ਤੇ ਪਛਮੀ ਦੇਸ਼ਾਂ ਅਤੇ ਅਮਰੀਕਾ ਨੇ ਕਈ ਪਾਬੰਦੀਆਂ ਲਗਾਈਆਂ ਸਨ। ਹਾਲਾਂਕਿ, ਰੂਸੀ ਕੱਚੇ ਤੇਲ ਨੂੰ ਰਿਫਾਈਨ ਕਰਨ ਤੋਂ ਖਤਮ ਹੋਏ ਡੀਜ਼ਲ ਵਰਗੇ ਬਾਲਣਾਂ ਦੇ ਨਿਰਯਾਤ ’ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਸੀ। ਰੀਪੋਰਟ ’ਚ ਕਿਹਾ ਗਿਆ ਹੈ ਕਿ ਰੂਸ ਨੇ ਭਾਰਤ ਅਤੇ ਤੁਰਕੀ ਦੀਆਂ ਰਿਫਾਇਨਰੀਜ਼ ਤੋਂ ਅਮਰੀਕਾ ਨੂੰ ਨਿਰਯਾਤ ਤੋਂ 75 ਕਰੋੜ ਡਾਲਰ ਦੀ ਕਮਾਈ ਕੀਤੀ ਹੈ।