
ਭਾਰਤ ’ਚ ਬੈਟਰੀ ਊਰਜਾ ਭੰਡਾਰਨ ਪ੍ਰਣਾਲੀ ਪਲਾਂਟ ਸਥਾਪਤ ਕਰਨ ਦੀ ਯੋਜਨਾ
Battery energy storage system: ਤਾਈਵਾਨ ਦੀ ਇਲੈਕਟ੍ਰਾਨਿਕਸ ਕੰਪਨੀ ਫਾਕਸਕਾਨ ਭਾਰਤ ’ਚ ਬੈਟਰੀ ਊਰਜਾ ਭੰਡਾਰਨ ਪ੍ਰਣਾਲੀ ਪਲਾਂਟ ਸਥਾਪਤ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਕੰਪਨੀ ਦੇ ਚੇਅਰਮੈਨ ਯੰਗ ਲਿਯੂ ਨੇ ਇੱਥੇ ਇਹ ਜਾਣਕਾਰੀ ਦਿਤੀ।
ਫਾਕਸਕਾਨ ਇਲੈਕਟ੍ਰਿਕ ਵਾਹਨ (ਈ.ਵੀ.) ਸੈਗਮੈਂਟ ’ਤੇ ਨਜ਼ਰ ਰਖਦੇ ਹੋਏ ਅਪਣੇ ਬੈਟਰੀ ਨਿਰਮਾਣ ਕਾਰੋਬਾਰ ਦਾ ਵਿਸਥਾਰ ਕਰ ਰਹੀ ਹੈ। ਇਸ ਦਾ ਪਹਿਲਾ ਪਲਾਂਟ ਤਾਈਵਾਨ ’ਚ ਸਥਾਪਤ ਕੀਤਾ ਗਿਆ ਹੈ। ਲਿਯੂ ਨੇ ਦਸਿਆ ਕਿ ਫਾਕਸਕਾਨ ਦਾ ਸੂਚਨਾ ਅਤੇ ਸੰਚਾਰ ਤਕਨਾਲੋਜੀ ਖੇਤਰ ਭਾਰਤ ’ਚ ਹੁਣੇ ਸ਼ੁਰੂ ਹੋਇਆ ਹੈ।
ਉਨ੍ਹਾਂ ਕਿਹਾ ਹੈ ਕਿ ਅਸੀਂ ਭਾਰਤ ’ਚ ਅਪਣੇ 3+3 ਭਵਿੱਖ ਦੇ ਉਦਯੋਗ ਸਥਾਪਤ ਕਰਨ ਦੀ ਉਮੀਦ ਕਰ ਰਹੇ ਹਾਂ। ਮੈਂ ਇੱਥੇ ਉਦਯੋਗ ਮੰਤਰੀ ਨਾਲ ਗੱਲ ਕਰ ਰਿਹਾ ਹਾਂ ਕਿ ਅਸੀਂ ਤਾਮਿਲਨਾਡੂ ’ਚ ਬੇਸਾ (ਬੈਟਰੀ ਐਨਰਜੀ ਸਟੋਰੇਜ ਸਿਸਟਮ) ’ਤੇ ਕਿਵੇਂ ਸਹਿਯੋਗ ਕਰ ਸਕਦੇ ਹਾਂ।
ਉਨ੍ਹਾਂ ਕਿਹਾ ਹੈ ਕਿ ਫਾਕਸਕਾਨ ਨੇ 3+3 ਰਣਨੀਤੀ ਦੇ ਹਿੱਸੇ ਵਜੋਂ ਤਿੰਨ ਮੁੱਖ ਉਦਯੋਗਾਂ - ਇਲੈਕਟ੍ਰਿਕ ਵਾਹਨ, ਡਿਜੀਟਲ, ਹੈਲਥਕੇਅਰ ਅਤੇ ਰੋਬੋਟਿਕਸ ਉਦਯੋਗ ਨੂੰ ਤਰਜੀਹ ਦਿਤੀ ਹੈ। ਇਨ੍ਹਾਂ ’ਚੋਂ ਹਰ ਕਿਸੇ ’ਚ 1.4 ਟ੍ਰਿਲੀਅਨ ਡਾਲਰ ਦੇ ਮੌਜੂਦਾ ਪੈਮਾਨੇ ਅਤੇ 20 ਫ਼ੀ ਸਦੀ ਤੋਂ ਵੱਧ ਦੀ ਸੰਚਿਤ ਸਾਲਾਨਾ ਵਿਕਾਸ ਦਰ (ਸੀਏਜੀਆਰ) ਦੇ ਨਾਲ ਮਹੱਤਵਪੂਰਣ ਵਿਕਾਸ ਸਮਰੱਥਾ ਹੈ।
ਫਾਕਸਕਾਨ ਦਾ ਬੈਟਰੀ ਸਟੋਰੇਜ ਕਾਰੋਬਾਰ ਇਲੈਕਟ੍ਰਿਕ ਗੱਡੀਆਂ ’ਤੇ ਜ਼ਿਆਦਾ ਕੇਂਦ੍ਰਤ ਹੈ। ਬੀ.ਈ.ਐਸ.ਐਸ. ਨਵਿਆਉਣਯੋਗ ਸਰੋਤਾਂ ਜਿਵੇਂ ਕਿ ਸੂਰਜੀ ਹਵਾ ਆਦਿ ਤੋਂ ਪੈਦਾ ਕੀਤੀ ਊਰਜਾ ਦੇ ਭੰਡਾਰਨ ਨੂੰ ਸਮਰੱਥ ਬਣਾਉਂਦਾ ਹੈ। ਕੰਪਨੀ ਨੇ ਭਾਰਤ ’ਚ ਇਕ ਈ.ਵੀ. ਪਲਾਂਟ ਸਥਾਪਤ ਕਰਨ ਦਾ ਪ੍ਰਸਤਾਵ ਵੀ ਦਿਤਾ ਹੈ। ਈ.ਵੀ. ਉਤਪਾਦਨ ਦੀ ਸਥਿਤੀ ਬਾਰੇ ਪੁੱਛੇ ਜਾਣ ’ਤੇ ਲਿਯੂ ਨੇ ਕਿਹਾ ਕਿ ਇਹ ਬਹੁਤ ਜਲਦੀ ਸ਼ੁਰੂ ਹੋ ਜਾਵੇਗਾ।