
ਡਿੱਗ ਕੇ 1,32,400 ਰੁਪਏ ਪ੍ਰਤੀ 10 ਗ੍ਰਾਮ ਹੋਈ ਕੀਮਤ
ਨਵੀਂ ਦਿੱਲੀ : ਦੀਵਾਲੀ ਦੇ ਤਿਉਹਾਰ ਦੀ ਸ਼ੁਰੂਆਤ ਦੇ ਮੱਦੇਨਜ਼ਰ ਦੇਸ਼ ਭਰ ਦੇ ਗਹਿਣਿਆਂ ਦੀਆਂ ਦੁਕਾਨਾਂ ਉਤੇ ਖਰੀਦਦਾਰਾਂ ਦੀ ਭੀੜ ਹੋਣ ਦੇ ਬਾਵਜੂਦ ਸਨਿਚਰਵਾਰ ਨੂੰ ਕੌਮੀ ਰਾਜਧਾਨੀ ’ਚ ਸੋਨੇ ਦੀਆਂ ਕੀਮਤਾਂ ਰੀਕਾਰਡ ਪੱਧਰ ਤੋਂ ਡਿੱਗ ਕੇ 2,400 ਰੁਪਏ ਡਿੱਗ ਕੇ 1,32,400 ਰੁਪਏ ਪ੍ਰਤੀ 10 ਗ੍ਰਾਮ ਉਤੇ ਆ ਗਈਆਂ।
ਸਥਾਨਕ ਸਰਾਫਾ ਬਾਜ਼ਾਰ ’ਚ 99.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ ਵੀ 2,400 ਰੁਪਏ ਦੀ ਗਿਰਾਵਟ ਨਾਲ 1,31,800 ਰੁਪਏ ਪ੍ਰਤੀ 10 ਗ੍ਰਾਮ ਉਤੇ ਆ ਗਿਆ। 24 ਕੈਰੇਟ ਸੋਨੇ ਦੀਆਂ ਕੀਮਤਾਂ ਪਿਛਲੇ ਸਾਲ 29 ਅਕਤੂਬਰ, 2024 ਨੂੰ ਮਨਾਏ ਧਨਤੇਸਰ ਤੋਂ 51,000 ਰੁਪਏ ਪ੍ਰਤੀ 10 ਗ੍ਰਾਮ ਜਾਂ 62.65 ਫ਼ੀ ਸਦੀ ਵਧ ਗਈਆਂ ਹਨ। ਪਿਛਲੇ ਸਾਲ ਧਨਤੇਰਸ ਉਤੇ ਸੋਨੇ ਦੀ ਕੀਮਤ 81,400 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਸੀ।
ਇਸ ਤੋਂ ਇਲਾਵਾ ਲਗਾਤਾਰ ਦੂਜੇ ਦਿਨ ਚਾਂਦੀ ਦੀ ਕੀਮਤ 7,000 ਰੁਪਏ ਡਿੱਗ ਕੇ 1,70,000 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਆ ਗਈ। ਪਿਛਲੇ ਸਾਲ ਚਾਂਦੀ ਦੀ ਕੀਮਤ 70,300 ਰੁਪਏ ਭਾਵ 70.51 ਫੀ ਸਦੀ ਵਧ ਗਈ ਹੈ, ਜੋ ਪਿਛਲੇ ਧਨਤੇਰਸ ਨੂੰ 99,700 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
ਵਪਾਰੀਆਂ ਨੇ ਸਰਾਫਾ ਦੀਆਂ ਕੀਮਤਾਂ ਵਿਚ ਕਮੀ ਨੂੰ ਕਮਜ਼ੋਰ ਆਲਮੀ ਸੰਕੇਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਕਿਉਂਕਿ ਨਿਵੇਸ਼ਕ ਕੀਮਤਾਂ ਵਿਚ ਭਾਰੀ ਵਾਧੇ ਤੋਂ ਬਾਅਦ ਮੁਨਾਫਾ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਸੋਨੇ ਦੀਆਂ ਉੱਚੀਆਂ ਕੀਮਤਾਂ ਕਾਰਨ ਚਾਂਦੀ ਦੀ ਵਿਕਰੀ ’ਚ 40 ਫੀ ਸਦੀ ਦਾ ਵਾਧਾ
ਮੁੰਬਈ/ਨਵੀਂ ਦਿੱਲੀ : ਧਨਤੇਰਸ ਦੇ ਸ਼ੁਭ ਮੌਕੇ ਉਤੇ ਮਹਿੰਗੀ ਹੋਣ ਦੇ ਬਾਵਜੂਦ ਚਾਂਦੀ ਦੀ ਖਪਤਕਾਰਾਂ ਦੀ ਮੰਗ ਸੋਨੇ ਨੂੰ ਪਛਾੜ ਗਈ। ਚਾਂਦੀ ਦੇ ਸਿੱਕਿਆਂ ਦੀ ਵਿਕਰੀ ਸਾਲ-ਦਰ-ਸਾਲ 35-40 ਫ਼ੀ ਸਦੀ ਵਧੀ ਹੈ ਅਤੇ ਸਮੁੱਚੀ ਕੀਮਤ ਦੁੱਗਣੀ ਨਾਲੋਂ ਵੱਧ ਹੈ, ਹਾਲਾਂਕਿ ਗਹਿਣਿਆਂ ਦੀ ਸੰਸਥਾ ਨੂੰ ਸੋਨੇ ਦੀ ਵਿਕਰੀ ਦੀੀ ਮਾਤਰਾ ਵਿਚ 15 ਫ਼ੀ ਸਦੀ ਦੀ ਗਿਰਾਵਟ ਦੀ ਉਮੀਦ ਹੈ।
ਕੀਮਤੀ ਧਾਤਾਂ ਖਰੀਦਣ ਲਈ ਹਿੰਦੂ ਕੈਲੰਡਰ ਦਾ ਸੱਭ ਤੋਂ ਸ਼ੁਭ ਦਿਨ ਧਨਤੇਰਸ ਐਤਵਾਰ ਨੂੰ ਦੁਪਹਿਰ 1:45 ਵਜੇ ਤਕ ਦੋ ਦਿਨਾਂ ਤੋਂ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਗਹਿਣਿਆਂ ਦੀਆਂ ਦੁਕਾਨਾਂ ਅੱਧੀ ਰਾਤ ਅਤੇ ਐਤਵਾਰ ਨੂੰ ਵੀ ਖੁੱਲ੍ਹੀਆਂ ਰਹਿੰਦੀਆਂ ਹਨ।
ਜੀ.ਜੇ.ਸੀ. ਦੇ ਵਾਈਸ ਚੇਅਰਮੈਨ ਅਵਿਨਾਸ਼ ਗੁਪਤਾ ਨੇ ਖਪਤਕਾਰਾਂ ਦੀ ਪਰਿਪੱਕਤਾ ਉਤੇ ਚਾਨਣਾ ਪਾਇਆ, ‘‘ਉੱਚ ਕੀਮਤਾਂ ਕਾਰਨ ਮਾਤਰਾ ਡਿੱਗਣ ਦੇ ਬਾਵਜੂਦ ਔਸਤ ਲੈਣ-ਦੇਣ ਮੁੱਲ 20-25 ਫ਼ੀ ਸਦੀ ਵਧਿਆ। ਸੱਭ ਤੋਂ ਉਤਸ਼ਾਹਜਨਕ ਚਾਂਦੀ ਦੇ ਸਿੱਕਿਆਂ ਦੀ ਵਿਕਰੀ ਵਿਚ 35-40 ਫ਼ੀ ਸਦੀ ਦਾ ਵਾਧਾ ਹੈ, ਖ਼ਾਸਕਰ ਟੀਅਰ 2 ਅਤੇ ਟੀਅਰ 3 ਸ਼ਹਿਰਾਂ ’ਚ, ਜਿੱਥੇ ਖਰੀਦਦਾਰਾਂ ਨੇ ਬਜਟ-ਅਨੁਕੂਲ ਨਿਵੇਸ਼ ਅਤੇ ਰਸਮੀ ਤੋਹਫ਼ੇ ਦੀ ਚੋਣ ਕੀਤੀ।’’ (ਪੀਟੀਆਈ)
ਧਨਤੇਰਸ ਮੌਕੇ ਖ਼ਰੀਦਦਾਰੀ ਨੇ ਪਾਰ ਕੀਤਾ 1 ਲੱਖ ਕਰੋੜ ਰੁਪਏ ਦਾ ਰੀਕਾਰਡ
ਨਵੀਂ ਦਿੱਲੀ : ਧਨਤੇਰਸ ਤਿਉਹਾਰ ਦੌਰਾਨ ਭਾਰਤੀ ਖਪਤਕਾਰਾਂ ਨੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਵਾਧੇ ਦੇ ਬਾਵਜੂਦ 1 ਲੱਖ ਕਰੋੜ ਰੁਪਏ ਖਰਚ ਕੀਤੇ ਹਨ। ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਸੀ.ਏ.ਆਈ.ਟੀ.) ਨੇ ਕਿਹਾ ਕਿ ਇਕੱਲੇ ਸੋਨੇ ਅਤੇ ਚਾਂਦੀ ਦੀ ਵਿਕਰੀ 60,000 ਕਰੋੜ ਰੁਪਏ ਹੈ, ਜੋ ਪਿਛਲੇ ਸਾਲ ਨਾਲੋਂ 25 ਫ਼ੀ ਸਦੀ ਵੱਧ ਹੈ।
ਸੀ.ਏ.ਆਈ.ਟੀ. ਦੇ ਗਹਿਣਿਆਂ ਦੇ ਚੈਪਟਰ, ਆਲ ਇੰਡੀਆ ਜਵੈਲਰਜ਼ ਐਂਡ ਗੋਲਡਸਮਿੱਥ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਪੰਕਜ ਅਰੋੜਾ ਨੇ ਕਿਹਾ, ‘‘ਪਿਛਲੇ ਦੋ ਦਿਨਾਂ ਤੋਂ ਗਹਿਣਿਆਂ ਦੇ ਬਾਜ਼ਾਰਾਂ ਵਿਚ ਬੇਮਿਸਾਲ ਭੀੜ ਵੇਖੀ ਗਈ ਹੈ।’’ ਉਨ੍ਹਾਂ ਨੇ ਇਕ ਬਿਆਨ ’ਚ ਕਿਹਾ ਕਿ ਦਿੱਲੀ ਦੇ ਸਰਾਫਾ ਬਾਜ਼ਾਰਾਂ ’ਚ 10,000 ਕਰੋੜ ਰੁਪਏ ਤੋਂ ਵੱਧ ਦੀ ਵਿਕਰੀ ਦਰਜ ਕੀਤੀ ਗਈ ਹੈ।
ਧਨਤੇਰਸ, ਹਿੰਦੂ ਮਹੀਨੇ ਦੇ ਕਾਰਤਿਕ ਮਹੀਨੇ ਦੇ ਤੇਰ੍ਹਵੇਂ ਦਿਨ ਮਨਾਇਆ ਜਾਂਦਾ ਹੈ, ਜਿਸ ਨੂੰ ਖੁਸ਼ਹਾਲੀ ਦਾ ਪ੍ਰਤੀਕ ਸੋਨਾ, ਚਾਂਦੀ, ਬਰਤਨ ਅਤੇ ਹੋਰ ਚੀਜ਼ਾਂ ਖਰੀਦਣ ਲਈ ਇਕ ਸ਼ੁਭ ਦਿਨ ਮੰਨਿਆ ਜਾਂਦਾ ਹੈ। ਇਹ ਪੰਜ ਦਿਨਾਂ ਦੀਵਾਲੀ ਦੇ ਤਿਉਹਾਰ ਦੀ ਸ਼ੁਰੂਆਤ ਦਾ ਪ੍ਰਤੀਕ ਹੈ।
ਵਪਾਰੀ ਸਮੂਹ ਅਨੁਸਾਰ, ਸਰਾਫਾ ਤੋਂ ਇਲਾਵਾ, ਤਿਉਹਾਰ ਮੌਕੇ ਨੇ ਬਰਤਨ ਅਤੇ ਰਸੋਈ ਉਪਕਰਣਾਂ ਦੀ ਵਿਕਰੀ ਵਿਚ 15,000 ਕਰੋੜ ਰੁਪਏ, ਇਲੈਕਟ੍ਰਾਨਿਕਸ ਅਤੇ ਇਲੈਕਟ੍ਰੀਕਲ ਸਾਮਾਨ ਵਿਚ 10,000 ਕਰੋੜ ਰੁਪਏ ਅਤੇ ਸਜਾਵਟੀ ਚੀਜ਼ਾਂ ਅਤੇ ਧਾਰਮਕ ਸਮੱਗਰੀ ਵਿਚ 3,000 ਕਰੋੜ ਰੁਪਏ ਦੀ ਕਮਾਈ ਕੀਤੀ।
ਸੀ.ਏ.ਆਈ.ਟੀ. ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਇਸ ਵਾਧੇ ਦਾ ਕਾਰਨ ਵਸਤੂ ਅਤੇ ਸੇਵਾ ਟੈਕਸ ਦੀਆਂ ਦਰਾਂ ’ਚ ਕਟੌਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਥਾਨਕ ਪੱਧਰ ਉਤੇ ਬਣੇ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦੀ ਮੁਹਿੰਮ ਨੂੰ ਦਸਿਆ।
ਖੰਡੇਲਵਾਲ ਨੇ ਕਿਹਾ ਕਿ ਖਪਤਕਾਰ ਭਾਰਤੀ ਉਤਪਾਦਾਂ ਨੂੰ ਸਪੱਸ਼ਟ ਤਰਜੀਹ ਦੇ ਰਹੇ ਹਨ, ਜਿਸ ਨਾਲ ਛੋਟੇ ਵਪਾਰੀਆਂ, ਕਾਰੀਗਰਾਂ ਅਤੇ ਨਿਰਮਾਤਾਵਾਂ ਨੂੰ ਲਾਭ ਹੋ ਰਿਹਾ ਹੈ। ਕੈਟ ਨੇ ਕਿਹਾ ਕਿ ਤਿਉਹਾਰ ਦੌਰਾਨ ਆਧੁਨਿਕ ਸ਼ਾਪਿੰਗ ਮਾਲਾਂ ਦੇ ਨਾਲ-ਨਾਲ ਰਵਾਇਤੀ ਬਾਜ਼ਾਰਾਂ, ਗਹਿਣਿਆਂ ਦੇ ਬਾਜ਼ਾਰਾਂ ਅਤੇ ਸਥਾਨਕ ਪ੍ਰਚੂਨ ਦੁਕਾਨਾਂ ਉਤੇ ਰੀਕਾਰਡ ਗਾਹਕਾਂ ਦੀ ਗਿਣਤੀ ਵੇਖਣ ਨੂੰ ਮਿਲੀ।