
ਮਾਰੂਤੀ ਸੁਜ਼ੂਕੀ ਦੀ ਵਿਟਾਰਾ ਬ੍ਰੇਜਾ, ਸਵਿਫਟ ਤੇ ਡਿਜ਼ਾਇਰ ਖਰੀਦਣ ‘ਤੇ ਡੀਲਰ ਵੱਲੋਂ ਤੁਹਾਨੂੰ ਡਿਸਕਾਊਂਟ ਦਿੱਤਾ ਜਾ ਸਕਦਾ ਹੈ...
ਨਵੀਂ ਦਿੱਲੀ : ਮਾਰੂਤੀ ਸੁਜ਼ੂਕੀ ਦੀ ਵਿਟਾਰਾ ਬ੍ਰੇਜਾ, ਸਵਿਫਟ ਤੇ ਡਿਜ਼ਾਇਰ ਖਰੀਦਣ ‘ਤੇ ਡੀਲਰ ਵੱਲੋਂ ਤੁਹਾਨੂੰ ਡਿਸਕਾਊਂਟ ਦਿੱਤਾ ਜਾ ਸਕਦਾ ਹੈ। ਇਸ ਦਾ ਕਾਰਨ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਲਿਮਟੇਡ ਨੇ ਅਪਣੀਆਂ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਾਰਾਂ ਵਿਚੋਂ ਇਨ੍ਹਾਂ ਤਿੰਨ ਕਾਰਾਂ ਲਈ ਡੀਲਰ ਮਾਰਜਨ ਵਧਾ ਦਿੱਤਾ ਹੈ, ਜਿਸ ਦਾ ਫ਼ਾਇਦਾ ਡੀਲਰ ਵਿਕਰੀ ਵਧਾਉਣ ਲਈ ਗਾਹਕਾਂ ਨੂੰ ਦੇ ਸਕਦੇ ਹਨ। ਸੂਤਰਾਂ ਮੁਤਾਬਿਕ ਮਾਰੂਤੀ ਨੇ ਡਿਜ਼ਾਇਰ (ਕੰਪੈਕਟ ਸਿਡਾਨ), ਸਵਿਫ਼ਟ (ਹੈਚਬੈਕ) ਅਤੇ ਵਿਟਾਰਾ ਬ੍ਰੇਜ਼ਾ ‘ਤੇ ਮਾਰਜਨ ਪ੍ਰਤੀ ਵਾਹਨ 3000 ਰੁਪਏ ਤੱਕ ਵਧਾਇਆ ਹੈ।
Maruti Suzuki Dzire
ਕੰਪਨੀ ਨੇ ਇਹ ਮਾਰਜਨ ਜਨਵਰੀ ਤੋਂ ਲਾਗੂ ਕੀਤਾ ਹੈ। ਖਰੀਦਾਰਾਂ ਦੀ ਘਟੀ ਮੰਗ ਵਿਚਕਾਰ ਕੰਪਨੀ ਦਾ ਇਹ ਕਦਮ ਡੀਲਰਾਂ ਲਈ ਮੀਲ ਦਾ ਪੱਥਰ ਸਾਬਤ ਹੋ ਸਕਦਾ ਹੈ। ਗਾਹਕਾਂ ਨੂੰ ਖਿੱਚਣ ਲਈ ਉਹ ਡਿਸਕਾਊਂਟ ਦਾ ਹੱਥਕੰਡਾ ਇਸਤੇਮਾਲ ਕਰ ਸਕਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸਤੰਬਰ ਪਿੱਛੋਂ ਕਾਰਾਂ ਦੀ ਵਿਕਰੀ ਹੌਲੀ ਹੋਣ ਕਾਰਨ ਡੀਲਰ ਬਿਨ੍ਹਾਂ ਵਿਕੇ ਹੋਏ ਵਾਹਨਾਂ ਦੇ ਸਟਾਕ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਦਾ ਸੰਚਾਲਨ ਖਰਚ ਲਗਾਤਾਰ ਵਧ ਰਿਹਾ ਸੀ।
Maruti Suzuki's car
ਉਥੇ ਹੀ, ਇੰਫਰਾਸਟ੍ਰਕਟਰ ਲੀਜ਼ਿੰਗ ਐਂਡ ਫਾਈਨੈਂਸ਼ਲ ਸਰਵਿਸਿਜ਼ ਲਿਮਟਿਡ ਵਿਚ ਸੰਕਟ ਕਾਰਨ ਡੀਲਰਾਂ ਨੂੰ ਵੀ ਕਰਜ਼ਾ ਲੈਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸਭ ਨੂੰ ਦੇਖਦੇ ਹੋਏ ਮਾਰੂਤੀ ਡੀਲਰਾਂ ਦੇ ਨਾਲ ਖੜ੍ਹੀ ਹੋਈ ਹੈ। ਸੂਤਰਾਂ ਨੇ ਕਿਹਾ ਕਿ ਕਮਜ਼ੋਰ ਮੰਗ ਹੋਣ ਕਾਰਨ ਕੰਪਨੀ ਡੀਲਰਾਂ ਦੀ ਮੱਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਾਰੂਤੀ-ਸੁਜ਼ੂਕੀ ਡੀਲਰ ਮਾਰਜਨ ਵਧਾਉਣ ਵਾਲੀ ਟਾਪ ਕੰਪਨੀਆਂ ਵਿਚੋਂ ਇਕ ਹੈ।
Maruti Suzuki
ਹਾਲਾਂਕਿ ਇਸ ਕਦਮ ਨਾਲ ਉਸ ਦੇ ਮੁਨਾਫ਼ੇ ਉੱਤੇ ਅਸਰ ਪੈ ਸਕਦਾ ਹੈ। ਜਨਵਰੀ ਵਿਚ ਵਿਕਰੀ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਕੰਪਨੀ ਨੇ ਤਿੰਨ ਮਾਡਲਾਂ ‘ਤੇ ਡੀਲਰ ਮਾਰਜਨ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਮਾਰੂਤੀ ‘ਤੇ ਹਰ ਮਹੀਨੇ ਕਰੀਬ 15 ਕਰੋੜ ਰੁਪਏ ਦਾ ਬੋਝ ਪਵੇਗਾ। ਸੂਤਰਾਂ ਨੇ ਕਿਹਾ ਕਿ ਡਿਜ਼ਾਇਰ, ਸਵਿਫਟ ਅਤੇ ਵਿਟਾਰਾ ਬ੍ਰੇਜਾ ਉੱਤੇ ਡੀਲਰ ਮਾਰਜਨ ਪਹਿਲਾਂ ਦੇ ਲਗਪਗ 6-7 ਫ਼ੀਸਦੀ ਤੋਂ ਵੱਧ ਕੇ 8-8.5 ਫ਼ੀਸਦੀ ਹੋ ਗਿਆ ਹੈ।