
ਵਿਆਜ ਦਰ ਨੂੰ ਨਕਾਰਾਤਮਕ 0.1 ਫੀ ਸਦੀ ਤੋਂ ਵਧਾ ਕੇ 0.1 ਫੀ ਸਦੀ ਕਰ ਦਿਤਾ
ਟੋਕੀਓ: ਜਾਪਾਨ ਦੇ ਕੇਂਦਰੀ ਬੈਂਕ ਨੇ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ 17 ਸਾਲਾਂ ’ਚ ਪਹਿਲੀ ਵਾਰ ਮੰਗਲਵਾਰ ਨੂੰ ਅਪਣੀ ਪ੍ਰਮੁੱਖ ਕਰਜ਼ਾ ਦਰ ’ਚ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਨਕਾਰਾਤਮਕ ਵਿਆਜ ਦਰਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਨੀਤੀ ਖਤਮ ਹੋ ਗਈ ਹੈ।
ਬੈਂਕ ਆਫ ਜਾਪਾਨ ਨੇ ਅਪਣੀ ਨੀਤੀਗਤ ਬੈਠਕ ’ਚ ਥੋੜ੍ਹੀ ਮਿਆਦ ਦੀ ਵਿਆਜ ਦਰ ਨੂੰ ਨਕਾਰਾਤਮਕ 0.1 ਫੀ ਸਦੀ ਤੋਂ ਵਧਾ ਕੇ 0.1 ਫੀ ਸਦੀ ਕਰ ਦਿਤਾ ਹੈ। ਫ਼ਰਵਰੀ 2007 ਤੋਂ ਬਾਅਦ ਇਹ ਪਹਿਲਾ ਦਰ ਵਾਧਾ ਹੈ। ਕੇਂਦਰੀ ਬੈਂਕ ਨੇ ਮਹਿੰਗਾਈ ਦਾ ਟੀਚਾ ਦੋ ਫ਼ੀ ਸਦੀ ਨਿਰਧਾਰਤ ਕੀਤਾ ਸੀ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਜਾਪਾਨ ਆਖਰਕਾਰ ਡਿਫਲੇਸ਼ਨ ਦੇ ਰੁਝਾਨਾਂ ਤੋਂ ਬਚ ਗਿਆ ਹੈ।
ਮਹਿੰਗਾਈ ਦੇ ਉਲਟ, ਕੀਮਤਾਂ ਡਿਫਲੇਸ਼ਨ ’ਚ ਡਿੱਗਣਾ ਸ਼ੁਰੂ ਹੋ ਜਾਂਦੀਆਂ ਹਨ। ਬੈਂਕ ਆਫ ਜਾਪਾਨ ਦੇ ਮੁਖੀ ਕਾਜ਼ੂਓ ਉਏਡਾ ਨੇ ਪਹਿਲਾਂ ਕਿਹਾ ਸੀ ਕਿ ਜੇਕਰ 2 ਫੀ ਸਦੀ ਮਹਿੰਗਾਈ ਦਾ ਟੀਚਾ ਪੂਰਾ ਹੋ ਜਾਂਦਾ ਹੈ ਤਾਂ ਬੈਂਕ ਅਪਣੀ ਨਕਾਰਾਤਮਕ ਵਿਆਜ ਦਰ ਦੀ ਸਮੀਖਿਆ ਕਰੇਗਾ।