
ਦੇਸ਼ ਦੇ ਸੱਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸ.ਬੀ.ਆਈ.) ਨੇ 70,000 ਕਰਮੀਆਂ ਨੂੰ ਉਹ ਰਕਮ ਵਾਪਸ ਕਰਨ ਲਈ ਕਿਹਾ ਹੈ ਜੋ ਉਨ੍ਹਾਂ ਨੂੰ ਨੋਟਬੰਦੀ...
ਨਵੀਂ ਦਿੱਲੀ, ਦੇਸ਼ ਦੇ ਸੱਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸ.ਬੀ.ਆਈ.) ਨੇ 70,000 ਕਰਮੀਆਂ ਨੂੰ ਉਹ ਰਕਮ ਵਾਪਸ ਕਰਨ ਲਈ ਕਿਹਾ ਹੈ ਜੋ ਉਨ੍ਹਾਂ ਨੂੰ ਨੋਟਬੰਦੀ ਦੌਰਾਨ ਓਵਰਟਾਈਮ (ਵਾਧੂ ਸਮਾਂ) ਕੰਮ ਕਰਨ ਬਦਲੇ ਦਿਤੀ ਗਈ ਸੀ। ਇਹ 70,000 ਕਰਮੀ ਉਨ੍ਹਾਂ ਪੰਜ ਸਹਾਇਕ ਬੈਂਕਾਂ ਦੇ ਹਨ, ਜਿਨ੍ਹਾਂ ਦਾ ਰਲੇਵਾਂ ਹੁਣ ਐਸ.ਬੀ.ਆਈ. 'ਚ ਹੋ ਚੁਕਾ ਹੈ।
ਹਾਲਾਂ ਕਿ, ਐਸ.ਬੀ.ਆਈ. ਦਾ ਕਹਿਣਾ ਹੈ ਕਿ ਉਸ ਨੇ ਜਦੋਂ ਵਾਧੂ ਸਮੇਂ 'ਚ ਕੰਮ ਕਰਨ ਬਦਲੇ ਅਦਾ ਕਰਨ ਦਾ ਫ਼ੈਸਲਾ ਕੀਤਾ ਤਾਂ ਉਦੋਂ ਉਨ੍ਹਾਂ ਬੈਂਕਾਂ ਦਾ ਰਲੇਵਾਂ ਨਹੀਂ ਹੋਇਆ ਸੀ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਐਸ.ਬੀ.ਆਈ. ਨੇ ਕਿਹਾ ਕਿ ਉਨ੍ਹਾਂ ਕਰਮੀਆਂ ਲਈ ਵਾਧੂ ਸਮਾਂ ਕੰਪਨਸੇਸ਼ਨ ਤੈਅ ਹੋਇਆ ਸੀ, ਜੋ ਨੋਟਬੰਦੀ ਸਮੇਂ ਐਸ.ਬੀ.ਆਈ. ਦੀਆਂ ਸ਼ਾਖ਼ਾਵਾਂ 'ਚ ਕੰਮ ਕਰਦੇ ਸਨ।
Rupees
ਜ਼ਿਕਰਯੋਗ ਹੈ ਕਿ ਸਟੇਟ ਬੈਂਕ ਆਫ਼ ਪਟਿਆਲਾ, ਸਟੇਟ ਬੈਂਕ ਆਫ਼ ਹੈਦਰਾਬਾਦ, ਸਟੇਟ ਬੈਂਕ ਆਫ਼ ਮੈਸੂਰ, ਸਟੇਟ ਬੈਂਕ ਆਫ਼ ਤ੍ਰਾਵਣਕੋਰ ਅਤੇ ਸਟੇਟ ਬੈਂਕ ਆਫ਼ ਬੀਕਾਨੇਰ ਐਂਡ ਜੈਪੁਰ ਦਾ ਐਸ.ਬੀ.ਆਈ. 'ਚ ਰਲੇਵਾਂ 1 ਅਪ੍ਰੈਲ 2017 ਨੂੰ ਹੋਇਆ ਸੀ, ਜਦੋਂ ਕਿ ਨੋਟਬੰਦੀ ਦਾ ਐਲਾਨ 8 ਨਵੰਬਰ 2016 ਨੂੰ ਹੋਇਆ ਸੀ।
ਐਸ.ਬੀ.ਆਈ. ਨੇ 14 ਨਵੰਬਰ ਤੋਂ 30 ਦਸੰਬਰ 2016 ਦੀ ਮਿਆਦ 'ਚ ਸ਼ਾਮ 7 ਵਜੇ ਤੋਂ ਬਾਅਦ ਵੀ ਕੰਮ ਕਰਨ ਵਾਲੇ ਬੈਂਕ ਕਰਮੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਮੁਤਾਬਕ ਮਾਰਚ ਤੋਂ ਮਈ 2017 ਦਰਮਿਆਨ ਓਵਰਟਾਈਮ ਕੰਮਨਸੇਸ਼ਨ ਜਾਰੀ ਕਰ ਦਿਤਾ ਗਿਆ ਸੀ। ਹੁਣ ਜਦੋਂ ਇਨ੍ਹਾਂ ਕਰਮੀਆਂ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਹ ਅਪਣੀ ਨਰਾਜ਼ਗੀ ਜ਼ਾਹਰ ਕਰ ਰਹੇ ਹਨ। (ਏਜੰਸੀ)