ਜੀ20 ਸ਼ਿਖਰ ਸੰਮੇਲਨ ’ਚ ਅਮਰੀਕਾ ਨਾਲ ਹੋਏ ਦੁਵੱਲੇ ਸਮਝੌਤੇ ਹੇਠ ਕੇਂਦਰ ਸਰਕਾਰ ਨੇ ਆਯਾਤ ਡਿਊਟੀ ਕੀਤੀ ਘੱਟ : ਅਧਿਕਾਰੀ
ਨਵੀਂ ਦਿੱਲੀ, 20 ਫ਼ਰਵਰੀ: ਸਰਕਾਰ ਨੇ ਲੰਮੇ ਰੇਸ਼ੇ ਵਾਲੀ ਕਪਾਹ ਦੇ ਆਯਾਤ ’ਤੇ ਕਸਟਮ ਡਿਊਟੀ ਤੋਂ ਪੂਰੀ ਤਰ੍ਹਾਂ ਛੋਟ ਦੇ ਦਿਤੀ ਹੈ ਅਤੇ ਆਯਾਤ ਕੀਤੇ ਬਲੂਬੇਰੀ, ਕ੍ਰੈਨਬੇਰੀ ਅਤੇ ਫ੍ਰੋਜ਼ਨ ਟਰਕੀ ਦੇ ਵਿਸ਼ੇਸ਼ ਉਤਪਾਦਾਂ ’ਤੇ ਡਿਊਟੀ ’ਚ ਕਟੌਤੀ ਕੀਤੀ ਹੈ। ਇਕ ਨੋਟੀਫਿਕੇਸ਼ਨ ’ਚ ਵਿੱਤ ਮੰਤਰਾਲੇ ਨੇ ਬਲੂਬੇਰੀ ਅਤੇ ਕ੍ਰੈਨਬੇਰੀ ’ਤੇ ਆਯਾਤ ਡਿਊਟੀ 30 ਫੀ ਸਦੀ ਤੋਂ ਘਟਾ ਕੇ 10 ਫੀ ਸਦੀ ਅਤੇ ਕੁੱਝ ਮਾਮਲਿਆਂ ’ਚ 5 ਫੀ ਸਦੀ ਕਰ ਦਿਤੀ ਹੈ।
ਇਸੇ ਤਰ੍ਹਾਂ ਟਰਕੀ ਪੰਛੀ ਦੇ ਮੀਟ ਅਤੇ ਭੋਜਨ ਦੀ ਰਹਿੰਦ-ਖੂੰਹਦ ’ਤੇ ਆਯਾਤ ਡਿਊਟੀ ਵੀ ਮੰਗਲਵਾਰ ਤੋਂ 30 ਫੀ ਸਦੀ ਤੋਂ ਘਟਾ ਕੇ 5 ਫੀ ਸਦੀ ਕਰ ਦਿਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਫ੍ਰੋਜ਼ਨ ਟਰਕੀ, ਸਪੈਸ਼ਲਿਟੀ ਕ੍ਰੈਨਬੇਰੀ ਅਤੇ ਬਲੂਬੇਰੀ ਅਤੇ ਉਨ੍ਹਾਂ ਦੇ ਪ੍ਰੋਸੈਸਡ ਉਤਪਾਦਾਂ ’ਤੇ ਟੈਰਿਫ ’ਚ ਬਦਲਾਅ ਭਾਰਤ ਅਤੇ ਅਮਰੀਕਾ ਵਿਚਾਲੇ ਸਹਿਮਤੀ ਸਮਝੌਤੇ ਤੋਂ ਬਾਅਦ ਵਣਜ ਵਿਭਾਗ ਦੀਆਂ ਸਿਫਾਰਸ਼ਾਂ ਤੋਂ ਬਾਅਦ ਕੀਤਾ ਗਿਆ ਹੈ।
ਨਾਂਗੀਆ ਐਂਡਰਸਨ ਇੰਡੀਆ ਫਰਮ ਦੀ ਸਹਿ-ਨਿਰਦੇਸ਼ਕ (ਅਸਿੱਧੇ ਟੈਕਸ) ਖੁਸ਼ਬੂ ਤ੍ਰਿਵੇਦੀ ਨੇ ਕਿਹਾ ਕਿ ਪਿਛਲੇ ਵਿਵਾਦਾਂ ਨੂੰ ਧਿਆਨ ’ਚ ਰਖਦੇ ਹੋਏ ਹਾਲ ਹੀ ’ਚ ਜੀ-20 ਸਿਖਰ ਸੰਮੇਲਨ ’ਚ ਭਾਰਤ ਅਤੇ ਅਮਰੀਕਾ ਦਰਮਿਆਨ ਹੋਏ ਦੁਵਲੇ ਸਮਝੌਤੇ ਤਹਿਤ ਕੇਂਦਰ ਸਰਕਾਰ ਨੇ ਇਨ੍ਹਾਂ ਉਤਪਾਦਾਂ ’ਤੇ ਆਯਾਤ ਡਿਊਟੀ ਘਟਾ ਦਿਤੀ ਹੈ।
ਤ੍ਰਿਵੇਦੀ ਨੇ ਕਿਹਾ ਕਿ ਭਾਰਤ ’ਚ ਦੁਰਲੱਭ ਇਨ੍ਹਾਂ ਚੀਜ਼ਾਂ ’ਤੇ ਡਿਊਟੀ ਘਟਾਉਣ ਨਾਲ ਅਮਰੀਕਾ ਨੂੰ ਭਾਰਤੀ ਬਾਜ਼ਾਰ ’ਚ ਦਾਖਲ ਹੋਣ ’ਚ ਮਦਦ ਮਿਲੇਗੀ ਅਤੇ ਭਾਰਤ ’ਚ ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ ’ਚ ਕਮੀ ਆਵੇਗੀ। ਇਸ ਕਦਮ ਨਾਲ ਹੋਰ ਦੇਸ਼ਾਂ ਨੂੰ ਵੀ ਲਾਭ ਹੋਵੇਗਾ ਜੋ ਵਿਸ਼ਵ ਵਪਾਰ ਸੰਗਠਨ ਦਾ ਹਿੱਸਾ ਹਨ।
ਇਸ ਤੋਂ ਇਲਾਵਾ, ਕਪਾਹ ਉਦਯੋਗ ਦੀਆਂ ਚਿੰਤਾਵਾਂ ਨੂੰ ਧਿਆਨ ’ਚ ਰਖਦੇ ਹੋਏ, ਮੰਤਰਾਲੇ ਨੇ ‘32 ਮਿਲੀਮੀਟਰ ਤੋਂ ਲੰਮੇ ਕਪਾਹਜਿਸ ਨੂੰ ਧੋਤਾ ਜਾਂ ਸਾਫ਼ ਨਹੀਂ ਕੀਤਾ ਗਿਆ ਹੋਵੇ’ ’ਤੇ ਆਯਾਤ ਡਿਊਟੀ ਘਟਾ ਕੇ ‘ਸਿਫ਼ਰ’ ਕਰ ਦਿਤੀ ਗਈ ਹੈ।
ਤ੍ਰਿਵੇਦੀ ਨੇ ਕਿਹਾ, ‘‘ਇਹ ਫੈਸਲਾ ਕਪਾਹ ਉਦਯੋਗ ਦੀਆਂ ਚਿੰਤਾਵਾਂ ਦਾ ਧਿਆਨ ਰੱਖਣ ਅਤੇ ਉਸ ਅਨੁਸਾਰ ਦਰਾਮਦ ਨਿਯਮਾਂ ਨੂੰ ਇਕਸਾਰ ਕਰਨ ਦੇ ਸਰਕਾਰ ਦੇ ਇਰਾਦੇ ਨੂੰ ਦਰਸਾਉਂਦਾ ਹੈ। ਇਸ ਨਾਲ ਕਪਾਹ ਖੇਤਰ ’ਚ ਸ਼ਾਮਲ ਹਿੱਸੇਦਾਰਾਂ ਨੂੰ ਸੰਭਾਵਤ ਤੌਰ ’ਤੇ ਲਾਭ ਹੋਵੇਗਾ।’’ (ਪੀਟੀਆਈ)
ਪੰਜਾਬ, ਮਹਾਰਾਸ਼ਟਰ, ਮੱਧ ਪ੍ਰਦੇਸ਼, ਤਾਮਿਲਨਾਡੂ, ਹਰਿਆਣਾ, ਆਂਧਰਾ ਪ੍ਰਦੇਸ਼ ਅਤੇ ਗੁਜਰਾਤ ਲੰਬੇ ਸਮੇਂ ਤੋਂ ਕਪਾਹ ਦੇ ਸਭ ਤੋਂ ਵੱਡੇ ਉਤਪਾਦਕ ਹਨ
ਸ਼ੇਅਰ ਬਾਜ਼ਾਰ ’ਚ ਲਗਾਤਾਰ ਛੇਵੇਂ ਦਿਨ ਤੇਜ਼ੀ, ਨਿਫਟੀ ਨਵੀਂ ਰੀਕਾਰਡ ਉਚਾਈ ’ਤੇ ਪਹੁੰਚਿਆ
ਸੈਂਸੈਕਸ 349 ਅੰਕ ਚੜ੍ਹਿਆ
ਮੁੰਬਈ, 20 ਫ਼ਰਵਰੀ: ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਮੰਗਲਵਾਰ ਨੂੰ ਲਗਾਤਾਰ ਛੇਵੇਂ ਸੈਸ਼ਨ ’ਚ 349 ਅੰਕ ਚੜ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਇਕ ਵਾਰ ਫਿਰ ਨਵੇਂ ਰੀਕਾਰਡ ਪੱਧਰ ’ਤੇ ਪਹੁੰਚ ਗਿਆ। ਬੈਂਕਾਂ ਅਤੇ ਚੁਣੀਆਂ ਹੋਈਆਂ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਵਾਲੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਖਰੀਦਦਾਰੀ ਕਰਨ ਨਾਲ ਬਾਜ਼ਾਰ ’ਚ ਤੇਜ਼ੀ ਆਈ।
ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਗਿਰਾਵਟ ਤੋਂ ਉਭਰ ਕੇ 349.24 ਅੰਕ ਯਾਨੀ 0.48 ਫੀ ਸਦੀ ਦੀ ਤੇਜ਼ੀ ਨਾਲ 73,057.40 ਅੰਕ ’ਤੇ ਬੰਦ ਹੋਇਆ। ਸੈਂਸੈਕਸ ਦੇ 18 ਸ਼ੇਅਰਾਂ ’ਚ ਤੇਜ਼ੀ ਦਰਜ ਕੀਤੀ ਗਈ ਜਦਕਿ 12 ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 74.70 ਅੰਕ ਯਾਨੀ 0.34 ਫੀ ਸਦੀ ਦੇ ਵਾਧੇ ਨਾਲ 22,196.95 ਅੰਕ ਦੇ ਨਵੇਂ ਪੱਧਰ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਨਿਫਟੀ 22,215.60 ਦੇ ਉੱਚ ਪੱਧਰ ’ਤੇ ਪਹੁੰਚ ਗਿਆ।
ਬੈਂਚਮਾਰਕ ਸੂਚਕ ਅੰਕ ਗਿਰਾਵਟ ਨਾਲ ਖੁੱਲ੍ਹੇ ਪਰ ਨਿੱਜੀ ਬੈਂਕ ਸਟਾਕਾਂ ਵਿਚ ਖਰੀਦਦਾਰੀ ਕਾਰਨ ਘਾਟੇ ਤੋਂ ਉਭਰੇ ਅਤੇ ਲਗਾਤਾਰ ਛੇਵੇਂ ਸੈਸ਼ਨ ਵਿਚ ਵਾਧੇ ਨਾਲ ਬੰਦ ਹੋਏ। ਪਿਛਲੇ 6 ਕਾਰੋਬਾਰੀ ਸੈਸ਼ਨਾਂ ’ਚ ਨਿਫਟੀ ’ਚ 580 ਅੰਕ ਅਤੇ ਸੈਂਸੈਕਸ ’ਚ 1984 ਅੰਕਾਂ ਦੀ ਤੇਜ਼ੀ ਆਈ ਹੈ।
ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਅਸਥਿਰਤਾ ਦੇ ਵਿਚਕਾਰ ਘਰੇਲੂ ਬਾਜ਼ਾਰ ਇਕ ਵਾਰ ਫਿਰ ਰੀਕਾਰਡ ਉਚਾਈ ਵਲ ਵਧ ਰਿਹਾ ਹੈ। ਵਾਧੇ ਦਾ ਕਾਰਨ ਬੈਂਕ ਸ਼ੇਅਰਾਂ ’ਚ ਖਰੀਦਦਾਰੀ ਹੈ। ਨਿੱਜੀ ਖੇਤਰ ਦੇ ਬੈਂਕਾਂ ’ਚ ਹਾਲ ਹੀ ’ਚ ਆਈ ਗਿਰਾਵਟ ਤੋਂ ਬਾਅਦ ਤੇਜ਼ੀ ਆਈ ਹੈ।
ਸੈਂਸੈਕਸ ’ਚ ਪਾਵਰਗ੍ਰਿਡ ਦਾ ਸ਼ੇਅਰ ਸੱਭ ਤੋਂ ਜ਼ਿਆਦਾ 4.16 ਫੀ ਸਦੀ ਵਧਿਆ। ਕੰਪਨੀ ਦੇ ਨਿਰਦੇਸ਼ਕ ਮੰਡਲ ਨੇ ਟ੍ਰਾਂਸਮਿਸ਼ਨ ਪ੍ਰਾਜੈਕਟਾਂ ’ਚ 656 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ ’ਚ ਤੇਜ਼ੀ ਆਈ। (ਪੀਟੀਆਈ)