ਸਿਵਲ ਹਸਪਤਾਲ ਵਿੱਚ ਬਣੀ ਪੁਲਿਸ ਚੌਂਕੀ ਵਿੱਚ ਲੰਬੇ ਸਮੇਂ ਤੋਂ ਡਿਊਟੀ ਨਿਭਾ ਰਿਹਾ ਸੀ ASI ਜਗਦੀਸ਼ ਸਿੰਘ
ਕਪੂਰਥਲਾ: ਫਗਵਾੜਾ ਸ਼ਹਿਰ ਦੇ ਸਿਵਿਲ ਹਸਪਤਾਲ ਵਿੱਚ ਬਣੀ ਪੁਲਿਸ ਚੌਂਕੀ ਵਿੱਚ ਲੰਬੇ ਸਮੇਂ ਤੋਂ ਡਿਊਟੀ ਨਿਭਾ ਰਹੇ ਏਐਸਆਈ ਜਗਦੀਸ਼ ਸਿੰਘ ਦੀ ਡਿਊਟੀ ਦੌਰਾਨ ਅਚਾਨਕ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿਸ ਨਾਲ ਪੁਲਿਸ ਵਿਭਾਗ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਗਵਾੜਾ ਵਿੱਚ ਤਾਇਨਾਤ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਿਵਿਲ ਹਸਪਤਾਲ ਫਗਵਾੜਾ ਦੀ ਪੁਲਿਸ ਚੌਂਕੀ ਵਿੱਚ ਡਿਊਟੀ ਕਰ ਰਹੇ ਏਐਸਆਈ ਜਗਦੀਸ਼ ਸਿੰਘ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਸੀ। ਉਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ ਪਰ ਡਾਕਟਰਾਂ ਮੁਤਾਬਕ ਉਨ੍ਹਾਂ ਦੀ ਮੌਤ ਹਾਰਟ ਅਟੈਕ ਕਾਰਨ ਹੋ ਗਈ।
ਉਨ੍ਹਾਂ ਹੋਰ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਸਿਵਿਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
