ਘਰਾਂ ਦੀ ਔਸਤ ਕੀਮਤ 2013 ਵਿਚ 4,530 ਰੁਪਏ ਪ੍ਰਤੀ ਵਰਗ ਫੁੱਟ ਤੋਂ ਵਧ ਕੇ 2023 ਵਿਚ 8,300 ਰੁਪਏ ਪ੍ਰਤੀ ਵਰਗ ਫੁੱਟ ਹੋ ਗਈ
ਨਵੀਂ ਦਿੱਲੀ: ਰਾਜਧਾਨੀ ਨਾਲ ਲਗਦੇ ਗੁਰੂਗ੍ਰਾਮ ’ਚ ਦਵਾਰਕਾ ਐਕਸਪ੍ਰੈਸਵੇਅ ਦੇ ਨਾਲ ਲਗਦੇ ਰਿਹਾਇਸ਼ੀ ਪ੍ਰਾਜੈਕਟਾਂ ’ਚ ਘਰਾਂ ਦੀਆਂ ਔਸਤ ਕੀਮਤਾਂ ’ਚ ਪਿਛਲੇ 10 ਸਾਲਾਂ ’ਚ 83 ਫੀ ਸਦੀ ਦਾ ਵਾਧਾ ਹੋਇਆ ਹੈ ਅਤੇ ਐਕਸਪ੍ਰੈਸਵੇਅ ਦਾ ਪਹਿਲਾ ਸੈਕਸ਼ਨ ਖੁੱਲ੍ਹਣ ਨਾਲ ਕੀਮਤਾਂ ’ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਰੀਅਲ ਅਸਟੇਟ ਮਾਹਰਾਂ ਨੇ ਇਹ ਅਨੁਮਾਨ ਲਗਾਇਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰਚ ਦੀ ਸ਼ੁਰੂਆਤ ’ਚ 29 ਕਿਲੋਮੀਟਰ ਲੰਮੇ ਦਵਾਰਕਾ ਐਕਸਪ੍ਰੈਸਵੇਅ ਦੇ 19 ਕਿਲੋਮੀਟਰ ਲੰਮੇ ਹਿੱਸੇ ਦਾ ਉਦਘਾਟਨ ਕੀਤਾ ਸੀ। ਰੀਅਲ ਅਸਟੇਟ ਸਲਾਹਕਾਰ ਐਨਾਰਾਕ ਦੇ ਅੰਕੜਿਆਂ ਮੁਤਾਬਕ 2013 ਤੋਂ 2023 ਦਰਮਿਆਨ ਐਕਸਪ੍ਰੈਸਵੇਅ ਦੇ ਆਲੇ-ਦੁਆਲੇ ਲਗਭਗ 53,000 ਹਾਊਸਿੰਗ ਯੂਨਿਟ ਚਾਲੂ ਕੀਤੇ ਗਏ ਸਨ, ਜਿਨ੍ਹਾਂ ਵਿਚੋਂ 80 ਫੀ ਸਦੀ ਤੋਂ ਜ਼ਿਆਦਾ ਇਕਾਈਆਂ ਪਹਿਲਾਂ ਹੀ ਵੇਚੀਆਂ ਜਾ ਚੁਕੀਆਂ ਹਨ।
ਦਵਾਰਕਾ ਐਕਸਪ੍ਰੈਸਵੇਅ ਦੇ ਮੁਢਲੇ ਰਿਹਾਇਸ਼ੀ ਬਾਜ਼ਾਰ ਵਿਚ ਘਰਾਂ ਦੀ ਔਸਤ ਕੀਮਤ 2013 ਵਿਚ 4,530 ਰੁਪਏ ਪ੍ਰਤੀ ਵਰਗ ਫੁੱਟ ਤੋਂ ਵਧ ਕੇ 2023 ਵਿਚ 8,300 ਰੁਪਏ ਪ੍ਰਤੀ ਵਰਗ ਫੁੱਟ ਹੋ ਗਈ। ਰੀਅਲਟੀ ਫਰਮ ਸਿਗਨੇਚਰ ਗਲੋਬਲ ਦੇ ਚੇਅਰਮੈਨ ਪ੍ਰਦੀਪ ਅਗਰਵਾਲ ਨੂੰ ਉਮੀਦ ਹੈ ਕਿ ਦਵਾਰਕਾ ਐਕਸਪ੍ਰੈਸਵੇਅ ਮਜ਼ਬੂਤ ਰਹੇਗਾ ਅਤੇ ਸਪਲਾਈ ਨਾਲ ਕੀਮਤਾਂ ’ਚ ਵਾਧਾ ਹੋਵੇਗਾ। ਉਨ੍ਹਾਂ ਕਿਹਾ, ‘‘ਅਗਲੇ ਦੋ-ਤਿੰਨ ਸਾਲਾਂ ’ਚ ਕੀਮਤਾਂ ’ਚ 20-40 ਫੀ ਸਦੀ ਦਾ ਵਾਧਾ ਹੋਣ ਦਾ ਸੰਕੇਤ ਹੈ।’’ ਰੀਅਲਟੀ ਫਰਮ ਕ੍ਰਿਸ਼ੀ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਮੋਹਿਤ ਜੈਨ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ’ਚ ਖੇਤਰ ’ਚ ਜਾਇਦਾਦ ਦੀਆਂ ਕੀਮਤਾਂ ਵਧੀਆਂ ਹਨ ਅਤੇ ਐਕਸਪ੍ਰੈਸਵੇਅ ਦੇ ਚਾਲੂ ਹੋਣ ਨਾਲ ਆਉਣ ਵਾਲੇ ਮਹੀਨਿਆਂ ’ਚ ਕੀਮਤਾਂ ’ਚ 10-15 ਫੀ ਸਦੀ ਦਾ ਵਾਧਾ ਹੋ ਸਕਦਾ ਹੈ।
ਐਲਨ ਗਰੁੱਪ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵਿਨੀਤ ਡਾਵਰ ਨੇ ਕਿਹਾ ਕਿ ਕੀਮਤਾਂ ’ਚ 10-15 ਫੀ ਸਦੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਐਮ.ਵੀ.ਐਨ. ਇੰਫਰਾ ਦੇ ਉਪ ਪ੍ਰਧਾਨ ਅਤੇ ਵਿਕਰੀ ਅਤੇ ਮਾਰਕੀਟਿੰਗ ਦੇ ਮੁਖੀ ਧੀਰਜ ਡੋਗਰਾ ਨੇ ਕਿਹਾ ਕਿ ਲਗਜ਼ਰੀ ਘਰਾਂ ਲਈ ਸਕਾਰਾਤਮਕ ਦ੍ਰਿਸ਼ਟੀਕੋਣ ਬਣਿਆ ਹੋਇਆ ਹੈ। ਇਸ ਸਾਲ ਦੇ ਅੰਤ ਤਕ ਵਿਕਰੀ ’ਚ ਲਗਭਗ 50 ਫ਼ੀ ਸਦੀ ਦਾ ਵਾਧਾ ਹੋਣ ਦੀ ਉਮੀਦ ਹੈ। ਐਨਾਰਾਕ ਦੇ ਵਾਈਸ ਚੇਅਰਮੈਨ ਸੰਤੋਸ਼ ਕੁਮਾਰ ਨੇ ਕਿਹਾ ਕਿ 2020 ਅਤੇ 2023 ਦੇ ਵਿਚਕਾਰ ਖੇਤਰ ’ਚ ਔਸਤ ਘਰਾਂ ਦੀਆਂ ਕੀਮਤਾਂ ’ਚ 41 ਫ਼ੀ ਸਦੀ ਦਾ ਵਾਧਾ ਹੋਇਆ ਹੈ। ਹੁਣ ਐਕਸਪ੍ਰੈਸਵੇਅ ਦੇ ਚਾਲੂ ਹੋਣ ਨਾਲ ਇਸ ਦੇ ਹੋਰ ਵਧਣ ਦੀ ਸੰਭਾਵਨਾ ਹੈ।
                    
                