
ਕੇਂਦਰ ਸਰਕਾਰ ਨੇ ਸਬਸਿਡੀ ਵਾਲੇ ਟਮਾਟਰਾਂ ਦੀਆਂ ਕੀਮਤਾਂ ਘਟਾਈਆਂ
ਸਰਕਾਰੀ ਸੰਸਥਾਵਾਂ NAFED ਅਤੇ NCCF ਵਲੋਂ ਵੇਚੇ ਜਾ ਰਹੇ ਹਨ ਟਮਾਟਰ
ਨਵੀਂ ਦਿੱਲੀ : ਆਮ ਆਦਮੀ ਲਈ ਰਾਹਤ ਦੀ ਖ਼ਬਰ ਹੈ। ਸਰਕਾਰ ਨੇ ਸਬਸਿਡੀ ਵਾਲੇ ਟਮਾਟਰਾਂ ਦੇ ਭਾਅ ਫਿਰ ਘਟਾ ਦਿਤੇ ਹਨ। ਟਮਾਟਰ ਹੁਣ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੇਗਾ। ਸਰਕਾਰ ਨੇ 20 ਜੁਲਾਈ ਯਾਨੀ ਅੱਜ ਤੋਂ ਸਬਸਿਡੀ ਵਾਲੇ ਟਮਾਟਰ ਦੀ ਕੀਮਤ 80 ਰੁਪਏ ਪ੍ਰਤੀ ਕਿਲੋ ਤੋਂ ਘਟਾ ਕੇ 70 ਰੁਪਏ ਪ੍ਰਤੀ ਕਿਲੋ ਕਰ ਦਿਤੀ ਹੈ।
ਕੇਂਦਰ ਸਰਕਾਰ ਪਿਛਲੇ ਹਫ਼ਤੇ ਸ਼ੁੱਕਰਵਾਰ ਤੋਂ ਸਬਸਿਡੀ ਵਾਲੇ ਰੇਟਾਂ 'ਤੇ ਟਮਾਟਰ ਵੇਚ ਰਹੀ ਹੈ। ਸਰਕਾਰ ਦੀ ਤਰਫੋਂ, ਸਹਿਕਾਰੀ ਸੰਸਥਾਵਾਂ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਟਿਡ (ਨੈਫੇਡ) ਅਤੇ ਨੈਸ਼ਨਲ ਕੰਜ਼ਿਊਮਰ ਕੋਆਪਰੇਟਿਵ ਫੈਡਰੇਸ਼ਨ ਆਫ ਇੰਡੀਆ ਲਿਮਟਿਡ (ਐਨਸੀਸੀਐਫ) ਇਸ ਨੂੰ ਵੇਚ ਰਹੀਆਂ ਹਨ।
ਇਹ ਵੀ ਪੜ੍ਹੋ:ਭਲਵਾਨ ਸੁਸ਼ੀਲ ਕੁਮਾਰ ਨੂੰ ਮਿਲੀ ਇਕ ਹਫ਼ਤੇ ਦੀ ਅੰਤਰਿਮ ਜ਼ਮਾਨਤ
ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੁਆਰਾ ਦਿਤੇ ਗਏ ਅਧਿਕਾਰਤ ਬਿਆਨ ਦੇ ਅਨੁਸਾਰ, "ਟਮਾਟਰਾਂ ਦੀਆਂ ਕੀਮਤਾਂ ਵਿਚ ਗਿਰਾਵਟ ਦੇ ਮੱਦੇਨਜ਼ਰ, ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ NCCF ਅਤੇ NAFED ਨੂੰ 20 ਜੁਲਾਈ, 2023 ਤੋਂ 70 ਰੁਪਏ ਪ੍ਰਤੀ ਕਿਲੋ ਦੇ ਪ੍ਰਚੂਨ ਮੁੱਲ 'ਤੇ ਟਮਾਟਰ ਵੇਚਣ ਦੇ ਨਿਰਦੇਸ਼ ਦਿਤੇ ਹਨ। "
ਐਨ.ਸੀ.ਸੀ.ਐਫ਼. ਅਤੇ ਨੈਫੇਡ ਦੁਆਰਾ ਖਰੀਦੇ ਗਏ ਟਮਾਟਰ ਸ਼ੁਰੂ ਵਿੱਚ 90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦੇ ਸਨ। ਇਸ ਤੋਂ ਬਾਅਦ 16 ਜੁਲਾਈ 2023 ਤੋਂ ਇਸ ਦੀ ਕੀਮਤ 80 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤੀ ਗਈ। ਬਿਆਨ ਅਨੁਸਾਰ, "ਕੀਮਤ ਘਟਾ ਕੇ ਅਤੇ ਇਸ ਨੂੰ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਣ ਨਾਲ ਖਪਤਕਾਰਾਂ ਨੂੰ ਵਧੇਰੇ ਲਾਭ ਮਿਲੇਗਾ।"