
ਰਿਪੋਰਟ 'ਚ ਕੀਤਾ ਦਾਅਵਾ - ਸਿਰਫ਼ ਢਾਈ ਮਹੀਨੇ 'ਚ ਐਲਆਈਸੀ ਨੂੰ 57 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ
ਨਵੀਂ ਦਿੱਲੀ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਦੋਸ਼ ਲਗਾਇਆ ਹੈ ਕਿ ਮੋਦੀ ਸਰਕਾਰ ਘਾਟੇ 'ਚ ਚੱਲ ਰਹੀ ਕੰਪਨੀਆਂ 'ਚ ਐਲਆਈਸੀ ਦਾ ਪੈਸਾ ਨਿਵੇਸ਼ ਕਰ ਕੇ ਲੋਕਾਂ ਦਾ ਭਰੋਸਾ ਤੋੜ ਰਹੀ ਹੈ। ਉਨ੍ਹਾਂ ਨੇ ਟਵਿਟਰ 'ਤੇ ਇਕ ਮੀਡੀਆ ਰਿਪੋਰਟ ਨੂੰ ਟੈਗ ਕਰਦਿਆਂ ਇਹ ਦੋਸ਼ ਲਗਾਇਆ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਐਲਆਈਸੀ ਨੂੰ ਸਿਰਫ਼ ਢਾਈ ਮਹੀਨੇ 'ਚ 57 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
Priyanka Gandhi Vadra tweet
ਪ੍ਰਿਅੰਕਾ ਨੇ ਟਵੀਟ ਕੀਤਾ, "ਭਾਰਤ 'ਚ ਐਲਆਈਸੀ ਭਰੋਸੇ ਦਾ ਦੂਜਾ ਨਾਂ ਹੈ। ਆਮ ਲੋਕ ਆਪਣੀ ਮਿਹਨਤ ਦੀ ਕਮਾਈ ਭਵਿੱਖ ਦੀ ਸੁਰੱਖਿਆ ਲਈ ਐਲਆਈਸੀ 'ਚ ਲਗਾਉਂਦੇ ਹਨ ਪਰ ਭਾਜਪਾ ਸਰਕਾਰ ਉਨ੍ਹਾਂ ਦੇ ਭਰੋਸੇ ਨੂੰ ਤੋੜਦਿਆਂ ਐਲਆਈਸੀ ਦਾ ਪੈਸਾ ਘਾਟੇ ਵਾਲੀਆਂ ਕੰਪਨੀਆਂ 'ਚ ਲਗਾ ਰਹੀ ਹੈ।" ਉਨ੍ਹਾਂ ਸਵਾਲ ਕੀਤਾ, "ਇਹ ਕਿਹੋ ਜਿਹੀ ਨੀਤੀ ਹੈ ਜੋ ਸਿਰਫ਼ ਨੁਕਸਾਨ ਨੀਤੀ ਬਣ ਗਈ ਹੈ?"
LIC
ਪ੍ਰਿਅੰਕਾ ਨੇ ਜਿਸ ਮੀਡੀਆ ਰਿਪੋਰਟ ਦਾ ਹਵਾਲਾ ਦਿੱਤਾ, ਉਸ ਦੇ ਮੁਤਾਬਕ ਸ਼ੇਅਰ ਬਾਜ਼ਾਰ 'ਚ ਬਿਕਵਾਲੀ ਦਾ ਅਸਰ ਕਈ ਕੰਪਨੀਆਂ 'ਤੇ ਵੀ ਪੈ ਰਿਹਾ ਹੈ ਅਤੇ ਬੀਤੇ ਢਾਈ ਮਹੀਨੇ 'ਚ ਐਲਆਈਸੀ ਨੂੰ ਸ਼ੇਅਰ ਬਾਜ਼ਾਰ 'ਚ ਨਿਵੇਸ਼ ਤੋਂ ਲਗਭਗ 57 ਹਜ਼ਾਰ ਕਰੋੜ ਰੁਪਏ ਦਾ ਚੂਨਾ ਲੱਗ ਚੁੱਕਾ ਹੈ। ਦਰਅਸਲ ਐਲਆਈਸੀ ਨੇ ਜਿਨ੍ਹਾਂ ਕੰਪਨੀਆਂ 'ਚ ਨਿਵੇਸ਼ ਕੀਤਾ ਸੀ, ਉਨ੍ਹਾਂ ਕੰਪਨੀਆਂ ਦੀ ਬਾਜ਼ਾਰ ਪੂੰਜੀ 'ਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ।
Priyanka Gandhi Vadra
ਇਸ ਤੋਂ ਪਹਿਲਾਂ ਕਾਂਗਰਸ ਵੱਲੋਂ ਬੀਤੇ ਬੁਧਵਾਰ ਭਾਰਤੀ ਰਿਜ਼ਰਵ ਬੈਂਕ ਦੀ ਇਕ ਰਿਪੋਰਟ ਦਾ ਹਵਾਲਾ ਦਿੰਦਿਆਂ ਦੋਸ਼ ਲਗਾਇਆ ਸੀ ਕਿ ਨਰਿੰਦਰ ਮੋਦੀ ਸਰਕਾਰ ਜਨਤਕ ਖੇਤਰ ਦੀਆਂ ਜ਼ੋਖ਼ਮ ਭਰੀ ਇਕਾਈਆਂ 'ਚ ਪੈਸੇ ਲਗਵਾ ਕੇ ਐਲਆਈਸੀ ਦੀ ਬਲੀ ਚੜ੍ਹਾਉਣ 'ਚ ਲੱਗੀ ਹੋਈ ਹੈ। ਪਾਰਟੀ ਦੇ ਸੀਨੀਅਰ ਬੁਲਾਰੇ ਅਜੇ ਮਾਕਨ ਨੇ ਕਿਹਾ ਸੀ ਕਿ ਸਾਲ 2014 ਤਕ ਜਨਤਕ ਖੇਤਰ ਦੀਆਂ ਜ਼ੋਖ਼ਮ ਭਰੀ ਇਕਾਈਆਂ 'ਚ ਐਲਆਈਸੀ ਦਾ ਨਿਵੇਸ਼ 11.94 ਲੱਖ ਕਰੋੜ ਰੁਪਏ ਸੀ, ਪਰ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਪਿਛਲੇ 5 ਸਾਲਾਂ 'ਚ ਇਹ ਵੱਧ ਕੇ 22.64 ਲੱਖ ਕਰੋੜ ਰੁਪਏ ਹੋ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਸਾਲ 1956 ਤੋਂ 2014 ਵਿਚਕਾਰ ਐਲਆਈਸੀ ਨੇ ਜਿੰਨਾ ਨਿਵੇਸ਼ ਜ਼ੋਖ਼ਮ ਭਰੀ ਇਕਾਈਆਂ 'ਚ ਕੀਤਾ ਸੀ, ਇਸ ਤੋਂ ਦੁਗਣਾ ਮੋਦੀ ਸਰਕਾਰ ਦੇ 5 ਸਾਲਾਂ 'ਚ ਹੀ ਹੋ ਗਿਆ।