
ਆਈਆਰਸੀਟੀਸੀ ਨੇ ਕਿਹਾ ਸੀ ਕਿ ਜੇ ਇਹ ਟਰੇਨ ਇਕ ਘੰਟੇ ਤੋਂ ਵੱਧ ਲੇਟ ਹੋਈ ਤਾਂ ਮੁਆਵਜ਼ਾ ਦਿੱਤਾ ਜਾਵੇਗਾ
ਨਵੀਂ ਦਿੱਲੀ : ਲਖਨਊ ਜੰਕਸ਼ਨ 'ਤੇ ਸ਼ੁਕਰਵਾਰ ਰਾਤ ਕ੍ਰਿਸ਼ਕ ਐਕਸਪ੍ਰੈਸ ਦੇ ਦੋ ਡੱਬਿਆਂ ਦੇ ਪਟੜੀ ਤੋਂ ਉੱਤਰ ਜਾਣ ਕਾਰਨ ਸ਼ੁਕਰਵਾਰ ਸਵੇਰ ਤਕ ਟਰੇਨਾਂ ਦਾ ਸੰਚਾਲਨ ਪ੍ਰਭਾਵਤ ਰਿਹਾ। ਇਸ ਕਾਰਨ ਲਖਨਊ ਤੇ ਨਵੀਂ ਦਿੱਲੀ ਵਿਚਕਾਰ ਚੱਲਣ ਵਾਲੀ ਤੇਜਸ ਐਕਸਪ੍ਰੈਸ ਦੋਵੇਂ ਪਾਸਿਉਂ ਪਹਿਲੀ ਵਾਰ ਦੋ ਘੰਟੇ ਤੋਂ ਵੱਧ ਦੇਰੀ ਨਾਲ ਪੁੱਜੀਆਂ। ਅਜਿਹੇ 'ਚ ਆਈ.ਆਰ.ਸੀ.ਟੀ.ਸੀ. ਨੇ ਵਾਅਦੇ ਮੁਤਾਬਕ ਮੁਸਾਫ਼ਰਾਂ ਨੂੰ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਉਥੇ ਹੀ ਕ੍ਰਿਸ਼ਕ ਐਕਸਪ੍ਰੈਸ ਲਗਭਗ 10 ਘੰਟੇ ਦੇਰੀ ਨਾਲ ਰਵਾਨਾ ਹੋਈ। ਇਸ ਤੋਂ ਇਲਾਵਾ ਲਖਨਊ ਮੇਲ, ਪੁਸ਼ਪਕ ਐਕਸਪ੍ਰੈਸ, ਚੰਡੀਗੜ੍ਹ ਐਕਸਪ੍ਰੈਸ ਸਮੇਤ ਕਈ ਟਰੇਨਾਂ ਲੇਟ ਹੋ ਗਈਆਂ।
Tejas Express
ਦੇਸ਼ 'ਚ ਪਹਿਲੀ ਵਾਰ ਕਿਸੇ ਟਰੇਨ ਦੇ ਲੇਟ ਹੋਣ 'ਤੇ ਮੁਸਾਫ਼ਰਾਂ ਨੂੰ ਮੁਆਵਜ਼ਾ ਮਿਲੇਗਾ। ਆਈ.ਆਰ.ਸੀ.ਟੀ.ਸੀ. ਹਰੇਕ ਮੁਸਾਫ਼ਰ ਨੂੰ ਮੁਆਵਜ਼ੇ ਵਜੋਂ 250 ਰੁਪਏ ਦੇਵੇਗੀ। ਲਖਨਊ-ਨਵੀਂ ਦਿੱਲੀ ਤੇਜਸ ਐਕਸਪ੍ਰੈਸ 'ਚ 451 ਅਤੇ ਨਵੀਂ ਦਿੱਲੀ-ਲਖਨਊ ਤੇਜਸ ਐਕਸਪ੍ਰੈਸ 'ਚ ਲਗਭਗ 500 ਮੁਸਾਫ਼ਰ ਸਵਾਰ ਸਨ। ਆਈ.ਆਰ.ਸੀ.ਟੀ.ਸੀ. ਦੇ ਲਖਨਊ ਦੇ ਮੁੱਖ ਖੇਤਰੀ ਪ੍ਰਬੰਧਕ (ਸੀ.ਆਰ.ਐਮ.) ਅਸ਼ਵਨੀ ਸ੍ਰੀਵਾਸਤਵ ਨੇ ਕਿਹਾ, "ਅਸੀ ਸਾਰੇ ਮੁਸਾਫ਼ਰਾਂ ਦੇ ਮੋਬਾਈਲ 'ਤੇ ਇਕ ਲਿੰਕ ਭੇਜਿਆ ਹੈ, ਜਿਸ 'ਤੇ ਕਲਿਕ ਕਰਨ 'ਤੇ ਉਹ ਆਪਣੇ ਮੁਆਵਜ਼ੇ ਲਈ ਆਵੇਦਨ ਕਰ ਸਕਦੇ ਹਨ। ਅਜਿਹਾ ਕਰਨ 'ਤੇ ਉਨ੍ਹਾਂ ਨੂੰ ਮੁਆਵਜ਼ਾ ਮਿਲ ਜਾਵੇਗਾ।"
Tejas Express
ਤੇਜ਼ਸ ਐਕਸਪ੍ਰੈਸ ਸਨਿਚਰਵਾਰ ਨੂੰ ਲਖਨਊ ਤੋਂ ਆਪਣੇ ਨਿਰਧਾਰਤ ਸਮੇਂ ਸਵੇਰੇ 6.10 ਵਜੇ ਦੀ ਬਜਾਏ ਪਹਿਲੀ ਵਾਰ ਲਗਭਗ 8.55 ਵਜੇ ਰਵਾਨਾ ਹੋਈ ਅਤੇ ਨਵੀਂ ਦਿੱਲੀ ਦੁਪਹਿਰ 12.25 ਵਜੇ ਦੀ ਬਜਾਏ 3.40 ਵਜੇ ਪੁੱਜੀ। ਇਸ ਤੋਂ ਬਾਅਦ ਉਹ ਨਵੀਂ ਦਿੱਲੀ ਤੋਂ ਦੁਪਹਿਰ 3.35 ਦੀ ਬਜਾਏ ਸ਼ਾਮ ਨੂੰ ਲਗਭਗ 5.30 ਵਜੇ ਰਵਾਨਾ ਹੋਈ। ਦੇਰੀ ਹੋਣ ਕਾਰਨ ਮੁਸਾਫ਼ਰਾਂ ਨੂੰ ਵਾਧੂ ਚਾਹ, ਦੁਪਹਿਰ ਦਾ ਖਾਣਾ ਅਤੇ ਉਨ੍ਹਾਂ ਨੂੰ ਦਿੱਤੇ ਗਏ ਰਿਫ਼ਰੈਸ਼ਮੈਂਟ ਪੈਕੇਟਾਂ 'ਤੇ 'ਸੌਰੀ ਫ਼ਾਰ ਡਿਲੇ' ਛਪਿਆ ਹੋਇਆ ਸੀ।