
ਦਿੱਲੀ-ਲਖਨਊ ਤੇਜਸ ਐਕਸਪ੍ਰੈੱਸ ਪਹਿਲੀ ਅਜਿਹੀ ਟਰੇਨ ਹੋਵੇਗੀ, ਜਿਸ ਦੀ ਸੇਵਾ ਸੰਭਾਲ ਨਿੱਜੀ ਸੰਚਾਲਕ ਕਰਨਗੇ।
ਨਵੀਂ ਦਿੱਲੀ: ਦਿੱਲੀ-ਲਖਨਊ ਤੇਜਸ ਐਕਸਪ੍ਰੈੱਸ ਪਹਿਲੀ ਅਜਿਹੀ ਟਰੇਨ ਹੋਵੇਗੀ, ਜਿਸ ਦੀ ਸੇਵਾ ਸੰਭਾਲ ਨਿੱਜੀ ਸੰਚਾਲਕ ਕਰਨਗੇ। ਇਸ ਦੀ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ। ਅਜਿਹੇ ਸੰਕੇਤ ਹਨ ਕਿ ਰੇਲਵੇ ਬੋਰਡ ਓਪਰੇਸ਼ਨ ਲਈ ਅਪਣੀਆਂ ਦੋ ਟਰੇਨਾਂ ਨਿੱਜੀ ਖੇਤਰ ਨੂੰ ਸੌਂਪਣ ਲਈ ਅਪਣੇ 100 ਦਿਨ ਦੇ ਏਜੰਡੇ ‘ਤੇ ਅੱਗੇ ਵਧ ਰਿਹਾ ਹੈ। ਰੇਲਵੇ ਬੋਰਡ ਦੂਜੇ ਅਜਿਹੇ ਰੂਟ ‘ਤੇ ਵਿਚਾਰ ਕਰ ਰਿਹਾ ਹੈ, ਜਿੱਥੇ ਇਕ ਹੋਰ ਟਰੇਨ ਨੂੰ ਨਿੱਜੀ ਸੰਚਾਲਕਾਂ ਦੀ ਮਦਦ ਨਾਲ ਚਲਾਇਆ ਜਾਵੇਗਾ।
Delhi-Lucknow Tejas Express
ਇਹ ਰੂਟ ਵੀ 500 ਕਿਲੋਮੀਟਰ ਦੀ ਦੂਰੀ ਦੀ ਰੇਂਜ ਦਾ ਹੋਵੇਗਾ। ਦਿੱਲੀ-ਲਖਨਊ ਤੇਜਸ ਐਕਸਪ੍ਰੈਸ ਦਾ ਐਲਾਨ 2016 ਵਿਚ ਕੀਤਾ ਗਿਆ ਸੀ, ਪਰ ਹਾਲ ਹੀ ਵਿਚ ਜਾਰੀ ਕੀਤੀ ਨਵੀਂ ਸਮਾਂ ਸਾਰਣੀ ਵਿਚ ਇਸ ਨੂੰ ਥਾਂ ਮਿਲੀ ਹੈ। ਇਹ ਟਰੇਨ ਫਿਲਹਾਲ ਉੱਤਰ ਪ੍ਰਦੇਸ਼ ਦੇ ਆਨੰਦਨਗਰ ਰੇਲਵੇ ਸਟੇਸ਼ਨ ‘ਤੇ ਖੜੀ ਹੈ ਅਤੇ ਸੇਵਾ ਸੰਭਾਲ ਦੀ ਪ੍ਰਕਿਰਿਆ ਤੋਂ ਬਾਅਦ ਇਸ ਨੂੰ ਨਿੱਜੀ ਸੰਚਾਲਕਾਂ ਦੇ ਹਵਾਲੇ ਕੀਤਾ ਜਾਵੇਗਾ।
Delhi-Lucknow Tejas Express
ਹਾਲਾਂਕਿ ਟਰੇਨਾਂ ਨੂੰ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰੀਜ਼ਮ ਕਾਰਪੋਰੇਸ਼ਨ ਨੂੰ ਸੌਂਪਿਆ ਜਾਵੇਗਾ। ਉਹ ਲੀਜ਼ ਫੀਸ ਸਮੇਤ ਇਸ ਦੇ ਲਈ ਵਿੱਤੀ ਕੰਪਨੀ ਆਈਆਰਐਫਸੀ ਨੂੰ ਭੁਗਤਾਨ ਕਰੇਗੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਦੋ ਟਰੇਨਾਂ ਵਰਤੋਂ ਦੇ ਅਧਾਰ ‘ਤੇ ਦਿੱਤੀਆਂ ਜਾਣਗੀਆਂ ਅਤੇ ਉਹਨਾਂ ਨੂੰ ਉਮੀਦ ਹੈ ਕਿ ਅਗਲੇ 100 ਦਿਨਾਂ ਵਿਚ ਉਹ ਇਕ ਟਰੇਨ ਨੂੰ ਚਲਾ ਸਕਣਗੇ। ਉਹਨਾਂ ਕਿਹਾ ਕਿ ਦੂਜੀ ਟਰੇਨ ਨੂੰ ਵੀ ਜਲਦ ਹੀ ਮਾਰਕ ਕੀਤਾ ਜਾਵੇਗਾ।
Delhi-Lucknow Tejas Express
ਦਿੱਲੀ-ਲਖਨਊ ਰੂਟ ‘ਤੇ ਫਿਲਹਾਲ 53 ਟਰੇਨਾਂ ਹਨ। ਇਸ ਰੂਟ ‘ਤੇ ਸਭ ਤੋਂ ਜ਼ਿਆਦਾ ਸਵਰਣ ਸ਼ਤਾਬਦੀ ਦੀ ਮੰਗ ਹੈ ਅਤੇ ਇਸ ਨੂੰ ਯਾਤਰਾ ਵਿਚ ਸਾਢੇ ਛੇ ਘੰਟੇ ਲੱਗਦੇ ਹਨ। ਖ਼ਬਰਾਂ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਸ ਟਰੇਨ ਦਾ ਨਿਰਮਾਣ ਯਾਤਰੀਆਂ ਦੇ ਆਰਾਮ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੈ। ਇਸ ਟਰੇਨ ਵਿਚ ਹਰ ਸੀਟ ਲਈ ਐਲਸੀਡੀ ਲਗਾਈ ਗਈ ਹੈ।
Delhi-Lucknow Tejas Express
ਤੇਜਸ ਨੂੰ ਰੇਲਵੇ ਦੇ ਅਧਿਕਾਰੀਆਂ ਨੇ ‘ਪਟੜੀ ‘ਤੇ ਪਲੇਨ’ ਦਾ ਨਾਂਅ ਦਿੱਤਾ ਸੀ। ਟਰੇਨ ਵਿਚ ਵਾਈ-ਫਾਈ ਤੋਂ ਇਲਾਵਾ, ਮੋਬਾਈਲ ਚਾਰਜਿੰਗ ਪੁਆਇੰਟ ਅਤੇ ਨਿੱਜੀ ਲਾਈਟ ਦੀ ਸਹੂਲਤ ਵੀ ਹੋਵੇਗੀ। ਜ਼ਿਕਰਯੋਗ ਹੈ ਕਿ ਜਦੋਂ ਸਾਲ 2017 ਵਿਚ ਜਦੋਂ ਪਹਿਲੀ ਵਾਰ ਮੁੰਬਈ ਤੋਂ ਗੋਆ ਵਿਚਕਾਰ ਤੇਜਸ ਐਕਸਪ੍ਰੈੱਸ ਚਲਾਈ ਗਈ ਸੀ ਤਾਂ ਯਾਤਰਾ ਪੂਰੀ ਹੋਣ ਤੋਂ ਬਾਅਦ ਕਈ ਹੈੱਡਫੋਨ ਗਾਇਬ ਹੋ ਗਏ ਸਨ ਅਤੇ ਅਤੇ ਕਈ ਐਲਸੀਡੀ ਸਕਰੀਨਾਂ ‘ਤੇ ਸਕਰੈਚ ਦੇ ਨਿਸ਼ਾਨ ਵੀ ਮਿਲੇ ਸਨ।