
ਕੋਲੇ ਦੀ ਕੀਮਤ ’ਚ ਅਸਥਿਰਤਾ, ਭੂ-ਸਿਆਸੀ ਜੋਖਮ, ਘਰੇਲੂ ਮੰਗ ਦਾ ਦ੍ਰਿਸ਼ ਅਤੇ ਨੀਤੀਗਤ ਅਨਿਸ਼ਚਿਤਤਾ ਮੁੱਖ ਕਾਰਨ
ਪਣਜੀ: ਗੋਆ ਮੈਨੇਜਮੈਂਟ ਸੰਸਥਾਨ ਅਤੇ ਬਰਤਾਨੀਆਂ ਦੀ ਕਿੰਗਸਟਨ ਯੂਨੀਵਰਸਿਟੀ ਦੇ ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਰੂਸ-ਯੂਕਰੇਨ ਜੰਗ ਅਤੇ ਅਸਥਿਰ ਕੋਲਾ ਬਾਜ਼ਾਰਾਂ ਵਰਗੇ ਵਿਸ਼ਵਵਿਆਪੀ ਸੰਕਟ ਭਾਰਤ ਵਿਚ ਬਿਜਲੀ ਦੀ ਲਾਗਤ ਨੂੰ ਸਿੱਧੇ ਤੌਰ ਉੱਤੇ ਪ੍ਰਭਾਵਤ ਕਰ ਰਹੇ ਹਨ ਅਤੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਉੱਚ ਪ੍ਰੀਮੀਅਮ ਦਾ ਭੁਗਤਾਨ ਕਰਨਾ ਪੈਂਦਾ ਹੈ।
ਅਧਿਐਨ ਵਿਚ ਵਿਸ਼ੇਸ਼ ਤੌਰ ਉੱਤੇ ਇਹ ਪਤਾ ਲਗਾਇਆ ਗਿਆ ਕਿ ਭਾਰਤ ਦੇ ‘ਅੱਗੇ ਦੇ ਬਾਜ਼ਾਰ ਵਿਚ’ ਬਿਜਲੀ ਦੀਆਂ ਕੀਮਤਾਂ ‘ਰੀਅਲ-ਟਾਈਮ ਮਾਰਕੀਟ’ ਦੀਆਂ ਕੀਮਤਾਂ ਨਾਲੋਂ ਲਗਾਤਾਰ ਉੱਚੀਆਂ ਕਿਉਂ ਹਨ? ਅਧਿਐਨ ਵਿਚ ਪਾਇਆ ਗਿਆ ਹੈ ਕਿ ਕੋਲੇ ਦੀ ਕੀਮਤ ਵਿਚ ਅਸਥਿਰਤਾ, ਭੂ-ਸਿਆਸੀ ਜੋਖਮ, ਘਰੇਲੂ ਮੰਗ ਦਾ ਦ੍ਰਿਸ਼ ਅਤੇ ਨੀਤੀਗਤ ਅਨਿਸ਼ਚਿਤਤਾ ਇਸ ਦੇ ਮੁੱਖ ਕਾਰਨ ਹਨ।
‘ਰੀਅਲ ਟਾਈਮ ਮਾਰਕੀਟ’ ਵਿਚ ਬਿਜਲੀ ਦਾ ਵਪਾਰ ਅਤੇ ਅਸਲ ਸਪੁਰਦਗੀ ਦੇ ਸਮੇਂ ਦੇ ਆਸ-ਪਾਸ ਆਮ ਤੌਰ ਉਤੇ ਲੋੜ ਤੋਂ ਇਕ ਘੰਟਾ ਪਹਿਲਾਂ ਕੀਤਾ ਜਾਂਦਾ ਹੈ। ‘ਡੇਅ-ਅਹੈੱਡ ਮਾਰਕੀਟ’ (ਡੀ.ਏ.ਐਮ.) ’ਚ, ਅਸਲ ਵਰਤੋਂ ਹੋਣ ਤੋਂ ਇਕ ਦਿਨ ਪਹਿਲਾਂ ਬਿਜਲੀ ਖਰੀਦੀ ਅਤੇ ਵੇਚੀ ਜਾਂਦੀ ਹੈ। ਵੱਕਾਰੀ ਜਰਨਲ ‘ਐਨਰਜੀ ਇਕਨਾਮਿਕਸ’ ਵਿਚ ਪ੍ਰਕਾਸ਼ਤ ਅਧਿਐਨ ਵਿਚ ਪਹਿਲੀ ਵਾਰ ਇਹ ਸਾਬਤ ਕਰਨ ਦਾ ਦਾਅਵਾ ਕੀਤਾ ਗਿਆ ਹੈ ਕਿ ਇਹ ਝਟਕੇ ਮਹੱਤਵਪੂਰਨ ਜੋਖਮ ਪ੍ਰੀਮੀਅਮ ਵਿਚ ਤਬਦੀਲ ਕਰਦੇ ਹਨ, ਜਿਸ ਦਾ ਅਰਥ ਹੈ ਕਿ ਭਾਰਤੀ ਪਰਵਾਰ ਅਤੇ ਕਾਰੋਬਾਰ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਉੱਚ ਜੋਖਮ ਪ੍ਰੀਮੀਅਮ ਦਾ ਭੁਗਤਾਨ ਕਰ ਰਹੇ ਹਨ। ਗੋਆ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਐਸੋਸੀਏਟ ਪ੍ਰੋਫੈਸਰ ਪ੍ਰਕਾਸ਼ ਸਿੰਘ ਅਨੁਸਾਰ, ਰੂਸ-ਯੂਕ੍ਰੇਨ ਜੰਗ ਨੇ ਜੋਖਮ ਪ੍ਰੀਮੀਅਮ ਅਤੇ ਮਾਰਕੀਟ ਦੀ ਅਸਥਿਰਤਾ ਨੂੰ ਕਾਫ਼ੀ ਹੱਦ ਤਕ ਵਧਾ ਦਿਤਾ ਹੈ।
ਉਨ੍ਹਾਂ ਕਿਹਾ, ‘‘ਕੋਲੇ ਦੀਆਂ ਕੀਮਤਾਂ ਵਿਚ ਵਾਧੇ ਨੇ ਸਪਲਾਈ ਪੱਖ ਦੀ ਅਨਿਸ਼ਚਿਤਤਾ ਨੂੰ ਵਧਾ ਕੇ ਜੋਖਮ ਪ੍ਰੀਮੀਅਮ ਵਿਚ ਵਾਧਾ ਕੀਤਾ, ਜਦਕਿ ਬਾਅਦ ਵਿਚ ਕੀਮਤਾਂ ਦੇ ਅਧਿਐਨ ਨੇ ਉਨ੍ਹਾਂ ਨੂੰ ਕਾਫ਼ੀ ਘਟਾ ਦਿਤਾ। ਭਾਰਤ ’ਚ, ਇਕ ਦਿਨ ਪਹਿਲਾਂ ਬਿਜਲੀ ਦੀਆਂ ਕੀਮਤਾਂ ਔਸਤਨ ਰੀਅਲ-ਟਾਈਮ ਕੀਮਤਾਂ ਨਾਲੋਂ ਕਾਫ਼ੀ ਜ਼ਿਆਦਾ ਹਨ, ਨਤੀਜੇ ਵਜੋਂ ‘ਜੋਖਮ ਪ੍ਰੀਮੀਅਮ’ ਵਿਚ ਵਾਧਾ ਹੁੰਦਾ ਹੈ। ਇਹ ਸੰਕੇਤ ਦਿੰਦਾ ਹੈ ਕਿ ਉਪਭੋਗਤਾ ਸਪਲਾਈ ਦੀ ਅਨਿਸ਼ਚਿਤਤਾ ਤੋਂ ਬਚਣ ਲਈ ਵਾਧੂ ਭੁਗਤਾਨ ਕਰਨ ਲਈ ਤਿਆਰ ਹਨ।’’ ਉਨ੍ਹਾਂ ਕਿਹਾ ਕਿ ਸ਼ਾਮ 6 ਵਜੇ ਤੋਂ ਰਾਤ 11 ਵਜੇ ਤਕ ਦੌਰਾਨ ਜੋਖਮ ਪ੍ਰੀਮੀਅਮ ਕਾਫ਼ੀ ਜ਼ਿਆਦਾ ਹੁੰਦਾ ਹੈ ਅਤੇ ਹਫਤੇ ਦੇ ਅੰਤ ਉਤੇ 13 ਫ਼ੀਸਦੀ ਦਾ ਵਾਧਾ ਹੁੰਦਾ ਹੈ, ਜੋ ਸਪਲਾਈ ਦੀ ਭਾਰੀ ਘਾਟ ਦਾ ਸੰਕੇਤ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਭੂ-ਸਿਆਸੀ ਜੋਖਮ ਅਤੇ ਆਰਥਕ ਨੀਤੀ ’ਚ ਅਨਿਸ਼ਚਿਤਤਾ ਦੋਹਾਂ ਕਾਰਨ ਜੋਖਮ ਪ੍ਰੀਮੀਅਮ ’ਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ, ‘‘ਭਾਰਤ ਦੇ ਬਿਜਲੀ ਬਜ਼ਾਰ ਆਲਮੀ ਉਥਲ-ਪੁਥਲ ਅਤੇ ਘਰੇਲੂ ਸਪਲਾਈ ਦੀਆਂ ਰੁਕਾਵਟਾਂ ਨਾਲ ਜੂਝ ਰਹੇ ਹਨ। ਸਾਡਾ ਅਧਿਐਨ ਇਸ ਗੱਲ ਉਤੇ ਜ਼ੋਰ ਦਿੰਦਾ ਹੈ ਕਿ ਤੇਜ਼ੀ ਨਾਲ ਵੰਨ-ਸੁਵੰਨਤਾ ਅਤੇ ਬਿਹਤਰ ਬਜ਼ਾਰਾਂ ਤੋਂ ਬਿਨਾਂ, ਭਾਰਤੀ ਉਪਭੋਗਤਾ ਅਤੇ ਕਾਰੋਬਾਰਾਂ ਨੂੰ ਦੂਰ-ਦੁਰਾਡੇ ਦੇ ਭੂ-ਸਿਆਸੀ ਸੰਕਟਾਂ ਦੇ ਕਾਰਨ ਅਸਥਿਰਤਾ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ।’’ ਉਨ੍ਹਾਂ ਕਿਹਾ, ‘‘ਭਵਿੱਖ ਵਿਚ ਊਰਜਾ ਸੁਰੱਖਿਆ ਅਤੇ ਸਮਰੱਥਾ ਨੂੰ ਯਕੀਨੀ ਬਣਾਉਣ ਲਈ ਹੁਣ ਇਨ੍ਹਾਂ ਕਮਜ਼ੋਰੀਆਂ ਨੂੰ ਹੱਲ ਕਰਨਾ ਲਾਜ਼ਮੀ ਹੈ।’’
ਕਿੰਗਸਟਨ ਯੂਨੀਵਰਸਿਟੀ ਦੇ ਸੀਨੀਅਰ ਲੈਕਚਰਾਰ ਜਲਾਲ ਸਿੱਦੀਕੀ, ਜਿਨ੍ਹਾਂ ਨੇ ਪੇਪਰ ਦੇ ਸਹਿ-ਲੇਖਕ ਨੇ ਕਿਹਾ ਕਿ ਇਸ ਅਧਿਐਨ ਦੇ ਨਤੀਜੇ ਕਈ ਮਹੱਤਵਪੂਰਨ ਜ਼ਰੂਰਤਾਂ ਵਲ ਇਸ਼ਾਰਾ ਕਰਦੇ ਹਨ, ਜਿਸ ਵਿਚ ਕੋਲੇ ਤੋਂ ਭਾਰਤ ਦੇ ਊਰਜਾ ਉਤਪਾਦਨ ਵਿਚ ਵੰਨ-ਸੁਵੰਨਤਾ ਲਿਆਉਣ ਅਤੇ ਸਟੋਰੇਜ ਹੱਲਾਂ ਦੇ ਨਾਲ ਨਵਿਆਉਣਯੋਗ ਊਰਜਾ ਵਿਚ ਨਿਵੇਸ਼ ਕਰਨ ਦੀ ਜ਼ਰੂਰਤ ਸ਼ਾਮਲ ਹੈ।