
ਭੌਤਿਕ ਬਾਜ਼ਾਰਾਂ ਅਤੇ ਛੋਟੇ ਵਪਾਰੀਆਂ ਦੀ ਸ਼ਕਤੀਸ਼ਾਲੀ ਵਾਪਸੀ
ਨਵੀਂ ਦਿੱਲੀ: ਵਪਾਰੀਆਂ ਦੀ ਲਾਬੀ ‘ਕੈਟ’ ਨੇ ਮੰਗਲਵਾਰ ਨੂੰ ਕਿਹਾ ਕਿ ਹਾਲ ਹੀ ’ਚ ਜੀ.ਐਸ.ਟੀ. ਸੁਧਾਰ ਅਤੇ ਖਪਤਕਾਰਾਂ ਦੀ ਮਜ਼ਬੂਤ ਭਾਵਨਾ ਨਾਲ ਭਾਰਤ ’ਚ ਦੀਵਾਲੀ ਦੀ ਵਿਕਰੀ ਰੀਕਾਰਡ 6.05 ਲੱਖ ਕਰੋੜ ਰੁਪਏ ਨੂੰ ਛੂਹ ਗਈ ਹੈ, ਜਿਸ ’ਚ 5.40 ਲੱਖ ਕਰੋੜ ਰੁਪਏ ਦੀ ਵਸਤੂਆਂ ਅਤੇ 65,000 ਕਰੋੜ ਰੁਪਏ ਸੇਵਾਵਾਂ ਸ਼ਾਮਲ ਹਨ।
ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਸੀ.ਏ.ਆਈ.ਟੀ.) ਨੇ ਅਪਣੇ ਖੋਜ ਵਿੰਗ ਵਲੋਂ ਸੂਬਿਆਂ ਦੀਆਂ ਰਾਜਧਾਨੀਆਂ ਅਤੇ ਟੀਅਰ 2 ਅਤੇ 3 ਸ਼ਹਿਰਾਂ ਸਮੇਤ 60 ਪ੍ਰਮੁੱਖ ਵੰਡ ਕੇਂਦਰਾਂ ਵਿਚ ਕੀਤੇ ਗਏ ਦੇਸ਼ ਵਿਆਪੀ ਸਰਵੇਖਣ ਉਤੇ ਅਪਣੇ ਨਤੀਜੇ ਅਧਾਰਤ ਕੀਤੇ ਹਨ। ਕੈਟ ਮੁਤਾਬਕ ਪਿਛਲੇ ਸਾਲ ਦੀਵਾਲੀ ਦੀ ਵਿਕਰੀ 4.25 ਲੱਖ ਕਰੋੜ ਰੁਪਏ ਸੀ।
ਕੈਟ ਨੇ ਕਿਹਾ ਕਿ ਮੁੱਖ ਪ੍ਰਚੂਨ - ਖਾਸ ਤੌਰ ਉਤੇ ਗੈਰ-ਕਾਰਪੋਰੇਟ ਅਤੇ ਰਵਾਇਤੀ ਬਾਜ਼ਾਰਾਂ ਨੇ ਕੁਲ ਵਪਾਰ ਵਿਚ 85 ਫ਼ੀ ਸਦੀ ਦਾ ਯੋਗਦਾਨ ਪਾਇਆ, ਜੋ ਭਾਰਤ ਦੇ ਭੌਤਿਕ ਬਾਜ਼ਾਰਾਂ ਅਤੇ ਛੋਟੇ ਵਪਾਰੀਆਂ ਦੀ ਸ਼ਕਤੀਸ਼ਾਲੀ ਵਾਪਸੀ ਨੂੰ ਦਰਸਾਉਂਦਾ ਹੈ।
ਪ੍ਰਮੁੱਖ ਤਿਉਹਾਰਾਂ ਦੀਆਂ ਵਸਤਾਂ ਦੀ ਵਿਕਰੀ ਦਾ ਸੈਕਟਰ ਅਧਾਰਤ ਫ਼ੀ ਸਦੀ ਕਰਿਆਨਾ ਅਤੇ ਐਫ.ਐਮ.ਸੀ.ਜੀ. 12 ਫ਼ੀ ਸਦੀ, ਸੋਨਾ ਅਤੇ ਗਹਿਣੇ 10 ਫ਼ੀ ਸਦੀ, ਇਲੈਕਟ੍ਰਾਨਿਕਸ ਅਤੇ ਇਲੈਕਟ੍ਰੀਕਲ ਵਸਤਾਂ 8 ਫ਼ੀ ਸਦੀ, ਖਪਤਕਾਰ ਟਿਕਾਊ ਵਸਤਾਂ 7 ਫ਼ੀ ਸਦੀ, ਰੇਡੀਮੇਡ ਕਪੜੇ 7 ਫ਼ੀ ਸਦੀ, ਤੋਹਫ਼ੇ 7 ਫ਼ੀ ਸਦੀ, ਘਰੇਲੂ ਸਜਾਵਟ 5 ਫ਼ੀ ਸਦੀ, ਫਰਨੀਚਰ 5 ਫ਼ੀ ਸਦੀ, ਮਠਿਆਈਆਂ ਅਤੇ ਨਮਕੀਨ 5 ਫ਼ੀ ਸਦੀ, ਕਪੜੇ 4 ਫ਼ੀ ਸਦੀ, ਪੂਜਾ ਆਰਟੀਕਲ 3 ਫ਼ੀ ਸਦੀ, ਫਲ ਅਤੇ ਸੁੱਕੇ ਮੇਵੇ ਦਾ ਯੋਗਦਾਨ 3 ਫ਼ੀ ਸਦੀ ਰਿਹਾ।
ਕੈਟ ਦੇ ਕੌਮੀ ਪ੍ਰਧਾਨ ਬੀ.ਸੀ. ਭਰਤੀਆ ਨੇ ਕਿਹਾ ਕਿ ਸੇਵਾ ਖੇਤਰ ਨੇ ਪੈਕੇਜਿੰਗ, ਪ੍ਰਾਹੁਣਚਾਰੀ, ਕੈਬ ਸੇਵਾਵਾਂ, ਯਾਤਰਾ, ਈਵੈਂਟ ਪ੍ਰਬੰਧਨ, ਟੈਂਟ ਅਤੇ ਸਜਾਵਟ, ਮਨੁੱਖੀ ਸ਼ਕਤੀ ਅਤੇ ਸਪੁਰਦਗੀ ਵਰਗੇ ਖੇਤਰਾਂ ਦੀ ਵਿਕਰੀ ਵਿਚ 65,000 ਕਰੋੜ ਰੁਪਏ ਦਾ ਵਾਧਾ ਕੀਤਾ ਹੈ। ਰੀਪੋਰਟ ’ਚ ਪਾਇਆ ਗਿਆ ਹੈ ਕਿ 72 ਫੀ ਸਦੀ ਵਪਾਰੀਆਂ ਨੇ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ, ਜੁੱਤੇ, ਕਪੜੇ, ਮਿਠਆਈ, ਘਰੇਲੂ ਸਜਾਵਟ ਅਤੇ ਖਪਤਕਾਰਾਂ ਦੇ ਟਿਕਾਊ ਉਤਪਾਦਾਂ ਉਤੇ ਜੀ.ਐਸ.ਟੀ. ਦੀਆਂ ਦਰਾਂ ਘਟਾਉਣ ਨੂੰ ਸਿੱਧੇ ਤੌਰ ਉਤੇ ਜ਼ਿੰਮੇਵਾਰ ਕਿਹਾ ਹੈ। ਖਪਤਕਾਰਾਂ ਨੇ ਸਥਿਰ ਕੀਮਤਾਂ ਉਤੇ ਵੀ ਵਧੇਰੇ ਸੰਤੁਸ਼ਟੀ ਜ਼ਾਹਰ ਕੀਤੀ, ਜਿਸ ਨੇ ਨਿਰੰਤਰ ਤਿਉਹਾਰਾਂ ਦੇ ਖਰਚਿਆਂ ਨੂੰ ਉਤਸ਼ਾਹਤ ਕੀਤਾ।
ਰੀਪੋਰਟ ਵਿਚ ਨੋਟ ਕੀਤਾ ਗਿਆ ਹੈ ਕਿ ਇਹ ਤਿਉਹਾਰਾਂ ਦੌਰਾਨ ਵਿਕਰੀ ’ਚ ਇਹ ਵਾਧਾ ਜਨਵਰੀ ਦੇ ਅੱਧ ਤੋਂ ਸਰਦੀ, ਵਿਆਹਾਂ ਅਤੇ ਆਉਣ ਵਾਲੇ ਤਿਉਹਾਰਾਂ ਦੇ ਮੌਸਮ ਤਕ ਜਾਰੀ ਰਹੇਗਾ।
ਕੈਟ ਮੁਤਾਬਕ ਦੀਵਾਲੀ 2025 ਦੇ ਵਪਾਰ ਨੇ ਲੌਜਿਸਟਿਕਸ, ਪੈਕੇਜਿੰਗ, ਟ੍ਰਾਂਸਪੋਰਟ ਅਤੇ ਪ੍ਰਚੂਨ ਸੇਵਾਵਾਂ ’ਚ 50 ਲੱਖ ਅਸਥਾਈ ਨੌਕਰੀਆਂ ਪੈਦਾ ਕੀਤੀਆਂ। ਪੇਂਡੂ ਅਤੇ ਅਰਧ-ਸ਼ਹਿਰੀ ਭਾਰਤ ਦਾ ਕੁਲ ਵਪਾਰ ਦਾ 28 ਫ਼ੀ ਸਦੀ ਹਿੱਸਾ ਹੈ, ਜੋ ਮਹਾਨਗਰਾਂ ਤੋਂ ਪਰੇ ਡੂੰਘੀ ਆਰਥਕ ਭਾਗੀਦਾਰੀ ਨੂੰ ਦਰਸਾਉਂਦਾ ਹੈ।