
ਮੰਤਰੀ ਨੂੰ ਮਿਲ ਗਈ ਏਅਰ ਇੰਡੀਆ ਦੇ ਜਹਾਜ਼ ’ਚ ‘ਟੁੱਟੀ’ ਹੋਈ ਸੀਟ, ਏਅਰ ਇੰਡੀਆ ਦੀ ਕੀਤੀ ਸਖ਼ਤ ਆਲੋਚਨਾ, ਜਾਂਚ ਦੇ ਹੁਕਮ ਜਾਰੀ
ਭੋਪਾਲ/ਮੁੰਬਈ : ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਨਿਚਰਵਾਰ ਨੂੰ ਏਅਰ ਇੰਡੀਆ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਟੁੱਟੀ ਹੋਈ ਅਤੇ ਧਸੀ ਹੋਈ ਸੀਟ ਦੇ ਦਿਤੀ ਗਈ।
ਚੌਹਾਨ ਨੇ ਇਹ ਵੀ ਕਿਹਾ ਕਿ ਏਅਰਲਾਈਨ ਲਈ ਮੁਸਾਫ਼ਰਾਂ ਤੋਂ ਪੂਰੇ ਪੈਸੇ ਵਸੂਲਣ ਤੋਂ ਬਾਅਦ ਉਨ੍ਹਾਂ ਨੂੰ ‘ਖਰਾਬ ਅਤੇ ਦਰਦਨਾਕ ਸੀਟ’ ’ਤੇ ਬਿਠਾਉਣਾ ਅਨੈਤਿਕ ਹੈ। ਚੌਹਾਨ ਵਲੋਂ ‘ਐਕਸ’ ’ਤੇ ਇਕ ਪੋਸਟ ’ਚ ਅਪਣਾ ਤਜਰਬਾ ਸਾਂਝਾ ਕਰਨ ਤੋਂ ਬਾਅਦ ਏਅਰ ਇੰਡੀਆ ਨੇ ‘ਖੇਚਲ’ ਲਈ ਮੁਆਫੀ ਮੰਗੀ ਅਤੇ ਘਟਨਾ ਦੀ ਪੂਰੀ ਜਾਂਚ ਦੇ ਹੁਕਮ ਦਿਤੇ।
ਚੌਹਾਨ ਨੇ ਕਿਹਾ ਕਿ ਉਹ ਪੂਸਾ ਕਿਸਾਨ ਮੇਲੇ ਦਾ ਉਦਘਾਟਨ ਕਰਨ, ਕੁਰੂਕਸ਼ੇਤਰ ’ਚ ਕੁਦਰਤੀ ਖੇਤੀ ਮਿਸ਼ਨ ਦੀ ਮੀਟਿੰਗ ’ਚ ਹਿੱਸਾ ਲੈਣ ਅਤੇ ਚੰਡੀਗੜ੍ਹ ’ਚ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰੇ ਲਈ ਭੋਪਾਲ ਤੋਂ ਦਿੱਲੀ ਜਾ ਰਹੇ ਹਨ। ਮੰਤਰੀ ਨੇ ਕਿਹਾ ਕਿ ਉਹ ਭੋਪਾਲ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਏ.ਆਈ. 436 ’ਚ ਸਵਾਰ ਹੋਏ।
ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ‘ਐਕਸ’ ’ਤੇ ਇਕ ਪੋਸਟ ’ਚ ਲਿਖਿਆ, ‘‘ਮੈਨੂੰ ਸੀਟ ਨੰਬਰ 8ਸੀ ਅਲਾਟ ਕੀਤੀ ਗਈ ਹੈ। ਮੈਂ ਜਾ ਕੇ ਸੀਟ ’ਤੇ ਬੈਠ ਗਿਆ, ਸੀਟ ਟੁੱਟੀ ਹੋਈ ਸੀ ਅਤੇ ਧਸੀ ਹੋਈ ਸੀ। ਬੈਠਣਾ ਤਕਲੀਫ਼ਦੇਹ ਸੀ। ਜਦੋਂ ਮੈਂ ਫਲਾਈਟ ਸਟਾਫ ਨੂੰ ਪੁਛਿਆ ਕਿ ਸੀਟ ਖਰਾਬ ਹੈ, ਤਾਂ ਉਨ੍ਹਾਂ ਨੇ ਇਸ ਨੂੰ ਅਲਾਟ ਕਿਉਂ ਕੀਤਾ? ਉਨ੍ਹਾਂ ਕਿਹਾ ਕਿ ਮੈਨੇਜਮੈਂਟ ਨੂੰ ਪਹਿਲਾਂ ਹੀ ਸੂਚਿਤ ਕਰ ਦਿਤਾ ਗਿਆ ਸੀ ਕਿ ਇਹ ਸੀਟ ਚੰਗੀ ਨਹੀਂ ਹੈ, ਇਸ ਦੀ ਟਿਕਟ ਨਾ ਵੇਚੀ ਜਾਵੇ। ਅਜਿਹੀਆਂ ਇਕ ਨਹੀਂ ਬਲਕਿ ਹੋਰ ਵੀ ਸੀਟਾਂ ਹਨ।’’
ਉਨ੍ਹਾਂ ਅੱਗੇ ਕਿਹਾ, ‘‘ਸਹਿ ਮੁਸਾਫ਼ਰਾਂ ਨੇ ਬਹੁਤ ਬੇਨਤੀ ਕੀਤੀ ਕਿ ਮੈਂ ਸੀਟ ਬਦਲ ਕੇ ਉਨ੍ਹਾਂ ਦੀ ਠੀਕ ਸੀਟ ’ਤੇ ਬੈਠ ਜਾਵਾਂ। ਪਰ ਮੈਂ ਅਪਣੇ ਲਈ ਕਿਸੇ ਹੋਰ ਦੋਸਤ ਨੂੰ ਪਰੇਸ਼ਾਨ ਕਿਉਂ ਕਰਾਂ? ਮੈਂ ਫੈਸਲਾ ਕੀਤਾ ਕਿ ਮੈਂ ਇਸ ਸੀਟ ’ਤੇ ਬੈਠਾਂਗਾ ਅਤੇ ਅਪਣਾ ਸਫ਼ਰ ਪੂਰਾ ਕਰਾਂਗਾ। ਮੈਨੂੰ ਲਗਦਾ ਸੀ ਕਿ ਟਾਟਾ ਮੈਨੇਜਮੈਂਟ ਦੇ ਹੱਥਾਂ ’ਚ ਜਾਣ ਮਗਰੋਂ ਏਅਰ ਇੰਡੀਆ ਦੀਆਂ ਸੇਵਾਵਾਂ ’ਚ ਸੁਧਾਰ ਹੋਵੇਗਾ, ਪਰ ਇਹ ਮੇਰਾ ਭਰਮ ਸਾਬਤ ਹੋਇਆ।’’
ਉਨ੍ਹਾਂ ਕਿਹਾ, ‘‘ਮੁਸਾਫ਼ਰਾਂ ਤੋਂ ਪੂਰੇ ਪੈਸੇ ਵਸੂਲਣ ਤੋਂ ਬਾਅਦ ਉਨ੍ਹਾਂ ਨੂੰ ਖਰਾਬ ਅਤੇ ਤਕਲੀਫ਼ਦੇਹ ਸੀਟ ’ਤੇ ਬਿਠਾਉਣਾ ਅਨੈਤਿਕ ਹੈ। ਕੀ ਇਹ ਮੁਸਾਫ਼ਰਾਂ ਨਾਲ ਧੋਖਾ ਨਹੀਂ ਹੈ? ਕੀ ਏਅਰ ਇੰਡੀਆ ਪ੍ਰਬੰਧਨ ਇਹ ਯਕੀਨੀ ਬਣਾਉਣ ਲਈ ਕਦਮ ਚੁੱਕੇਗਾ ਕਿ ਭਵਿੱਖ ’ਚ ਕਿਸੇ ਵੀ ਮੁਸਾਫ਼ਰ ਨੂੰ ਪ੍ਰੇਸ਼ਾਨੀ ਨਾ ਹੋਵੇ ਜਾਂ ਉਹ ਮੁਸਾਫ਼ਰਾਂ ਦੇ ਜਲਦੀ ਪਹੁੰਚਣ ਦੀ ਮਜਬੂਰੀ ਦਾ ਫਾਇਦਾ ਉਠਾਉਣਾ ਜਾਰੀ ਰੱਖੇਗੀ?’’