ਨਾਫੇਡ ਨੂੰ ਮੁੱਖ ਮੰਡੀ ਖੇਤਰਾਂ ’ਚ ਖਰੀਦ ਕੇਂਦਰ ਸਥਾਪਤ ਕਰਨ ਲਈ ਹੁਕਮ ਦੇਣ ਦੀ ਮੰਗ ਕੀਤੀ
ਨਵੀਂ ਦਿੱਲੀ: ਖਾਣ ਵਾਲੇ ਤੇਲ ਉਦਯੋਗ ਦੇ ਸੰਗਠਨ ਸਾਲਵੈਂਟ ਐਕਸਟਰੈਕਟਰਸ ਐਸੋਸੀਏਸ਼ਨ ਆਫ਼ ਇੰਡੀਆ (ਐਸ.ਈ.ਏ.) ਨੇ ਸਰ੍ਹੋਂ ਦੇ ਬੀਜਾਂ ਦੀਆਂ ਥੋਕ ਕੀਮਤਾਂ 5,650 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਤੋਂ ਹੇਠਾਂ ਆਉਣ ’ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਸਰਕਾਰ ਨੂੰ ਤੁਰਤ ਦਖਲ ਦੇਣ ਦੀ ਅਪੀਲ ਕੀਤੀ ਹੈ।
ਐਸ.ਈ.ਏ. ਦੇ ਪ੍ਰਧਾਨ ਅਜੇ ਝੁਨਝੁਨਵਾਲਾ ਨੇ ਬਿਆਨ ’ਚ ਕਿਹਾ, ‘‘ਅਸੀਂ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ (ਸਹਿਕਾਰੀ) ਨਾਫੇਡ ਨੂੰ ਮੁੱਖ ਮੰਡੀ ਖੇਤਰਾਂ ’ਚ ਖਰੀਦ ਕੇਂਦਰ ਸਥਾਪਤ ਕਰਨ ਲਈ ਹੁਕਮ ਦੇਣ ਤਾਂ ਜੋ ਘੱਟੋ-ਘੱਟ ਸਮਰਥਨ ਮੁੱਲ ’ਤੇ ਸਰ੍ਹੋਂ ਦੇ ਬੀਜਾਂ ਦੀ ਖਰੀਦ ਨੂੰ ਸਹੂਲਤਜਨਕ ਬਣਾਇਆ ਜਾ ਸਕੇ, ਜਿਸ ਨਾਲ ਮੰਡੀ ਦੀ ਸਥਿਰਤਾ ਅਤੇ ਕਿਸਾਨਾਂ ਦੀ ਭਲਾਈ ਨੂੰ ਸਮਰਥਨ ਮਿਲੇ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ, ਖਾਸ ਕਰ ਕੇ ਸਰ੍ਹੋਂ ਦੀ ਵਾਢੀ ਦੇ ਮੌਜੂਦਾ ਸੀਜ਼ਨ ’ਚ, ਇਕ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਸਰ੍ਹੋਂ ਦੇ ਬੀਜਾਂ ਦੀਆਂ ਮੌਜੂਦਾ ਬਾਜ਼ਾਰ ਕੀਮਤਾਂ 5,650 ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਤੋਂ ਹੇਠਾਂ ਹਨ, ਜਿਸ ਲਈ ਤੁਰਤ ਸਰਕਾਰ ਦੇ ਦਖਲ ਦੀ ਲੋੜ ਹੈ। ਝੁਨਝੁਨਵਾਲਾ ਨੇ ਕਿਹਾ ਕਿ ਮੌਜੂਦਾ ਸੀਜ਼ਨ ਦੌਰਾਨ ਰਕਬਾ 100 ਲੱਖ ਹੈਕਟੇਅਰ ਦੇ ਸਿਖਰ ’ਤੇ ਪਹੁੰਚਣ ਦੇ ਬਾਵਜੂਦ ਕੀਮਤਾਂ ’ਚ ਗਿਰਾਵਟ ਕਾਰਨ ਸਰ੍ਹੋਂ ਦੀ ਕਾਸ਼ਤ ਨੂੰ ਖੜੋਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।