
ਕੁੱਝ ਨਿਵੇਸ਼ਕਾਂ ਨੂੰ ਗਲਤ ਤਰੀਕੇ ਨਾਲ ਜਨਤਕ ਸ਼ੇਅਰਧਾਰਕਾਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ
ਨਵੀਂ ਦਿੱਲੀ : ਅਡਾਨੀ ਸਮੂਹ ਦੀ ਬਿਜਲੀ ਟਰਾਂਸਮਿਸ਼ਨ ਸ਼ਾਖਾ ਅਡਾਨੀ ਐਨਰਜੀ ਸਾਲਿਊਸ਼ਨਜ਼ ਲਿਮਟਿਡ (ਏ.ਈ.ਐਸ.ਐਲ.) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੂੰ ਸੇਬੀ ਤੋਂ ਨੋਟਿਸ ਮਿਲਿਆ ਹੈ, ਜਿਸ ਵਿਚ ਦੋਸ਼ ਲਾਇਆ ਗਿਆ ਹੈ ਕਿ ਕੁੱਝ ਨਿਵੇਸ਼ਕਾਂ ਨੂੰ ਗਲਤ ਤਰੀਕੇ ਨਾਲ ਜਨਤਕ ਸ਼ੇਅਰਧਾਰਕਾਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।
ਕੰਪਨੀ ਨੇ ਕਿਹਾ ਕਿ ਉਹ ਅਪਣੀ ਦੂਜੀ ਤਿਮਾਹੀ ਦੇ ਨਤੀਜਿਆਂ ਵਿਚ ਵੇਰਵਿਆਂ ਦਾ ਪ੍ਰਗਟਾਵਾ ਕੀਤੇ ਬਿਨਾਂ ਰੈਗੂਲੇਟਰੀ ਅਤੇ ਕਾਨੂੰਨੀ ਅਥਾਰਟੀਆਂ ਨੂੰ ਸੰਬੰਧਿਤ ਜਾਣਕਾਰੀ/ਸਪੱਸ਼ਟੀਕਰਨ ਦੇਵੇਗਾ। ਸਮੂਹ ਦੀ ਨਵਿਆਉਣਯੋਗ ਊਰਜਾ ਫਰਮ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਨੂੰ ਸੇਬੀ ਤੋਂ ਕੋਈ ਨਵਾਂ ਨੋਟਿਸ ਨਹੀਂ ਮਿਲਿਆ।
ਏ.ਈ.ਐਸ.ਐਲ. ਨੇ ਕਿਹਾ, ‘‘ਮੌਜੂਦਾ ਤਿਮਾਹੀ ਦੌਰਾਨ ਕੁੱਝ ਪਾਰਟੀਆਂ ਦੀ ਹਿੱਸੇਦਾਰੀ ਨੂੰ ਜਨਤਕ ਹਿੱਸੇਦਾਰੀ ਦੇ ਤੌਰ ’ਤੇ ਗਲਤ ਵਰਗੀਕਰਨ ਕਰਨ ਦਾ ਦੋਸ਼ ਲਗਾਉਂਦੇ ਹੋਏ ਐਸ.ਸੀ.ਐਨ. (ਕਾਰਨ ਦੱਸੋ ਨੋਟਿਸ) ਪ੍ਰਾਪਤ ਹੋਇਆ ਹੈ।’’ ਕੰਪਨੀ ਨੇ ਕਿਹਾ ਕਿ ਉਹ ਸਮੇਂ-ਸਮੇਂ ’ਤੇ ਜਾਣਕਾਰੀ, ਫੀਡਬੈਕ, ਦਸਤਾਵੇਜ਼ ਅਤੇ/ਜਾਂ ਸਪਸ਼ਟੀਕਰਨ ਪ੍ਰਦਾਨ ਕਰ ਕੇ ਰੈਗੂਲੇਟਰੀ ਅਤੇ ਕਾਨੂੰਨੀ ਅਥਾਰਟੀਆਂ ਨੂੰ ਜਵਾਬ ਦੇਵੇਗੀ।
ਸੇਬੀ ਦੇ ਸੂਚੀਬੱਧ ਨਿਯਮਾਂ ਮੁਤਾਬਕ ਜਨਤਕ ਨਿਵੇਸ਼ਕਾਂ ਨੂੰ ਸੂਚੀਬੱਧ ਕੰਪਨੀ ’ਚ ਘੱਟੋ-ਘੱਟ 25 ਫੀ ਸਦੀ ਹਿੱਸੇਦਾਰੀ ਰੱਖਣੀ ਜ਼ਰੂਰੀ ਹੈ। ਅਡਾਨੀ ਸਮੂਹ ਦੀਆਂ 10 ਸੂਚੀਬੱਧ ਕੰਪਨੀਆਂ ਵਿਚੋਂ ਸੱਤ ਨੂੰ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਨੇ 31 ਮਾਰਚ ਨੂੰ ਖਤਮ ਤਿਮਾਹੀ ਵਿਚ ਸਬੰਧਤ ਧਿਰ ਦੇ ਲੈਣ-ਦੇਣ ਦੀ ਕਥਿਤ ਉਲੰਘਣਾ ਅਤੇ ਸੂਚੀਬੱਧਤਾ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਸਨ।