
ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਮੰਗ ’ਤੇ ਕੀਮਤਾਂ ’ਚ ਇਨ੍ਹਾਂ ਵਾਧੇ ਦਾ ਪ੍ਰਭਾਵ ਮਾਮੂਲੀ ਹੋਣ ਦੀ ਉਮੀਦ ਹੈ
ਨਵੀਂ ਦਿੱਲੀ : ਮਾਰੂਤੀ ਸੁਜ਼ੂਕੀ, ਮਹਿੰਦਰਾ ਮਹਿੰਦਰਾ ਅਤੇ ਹੁੰਡਈ ਸਮੇਤ ਕਈ ਕਾਰ ਨਿਰਮਾਤਾਵਾਂ ਨੇ ਲਾਗਤਾਂ ਅਤੇ ਸੰਚਾਲਨ ਖਰਚਿਆਂ ’ਚ ਵਾਧੇ ਕਾਰਨ ਅਪ੍ਰੈਲ ਤੋਂ ਅਪਣੀਆਂ ਗੱਡੀਆਂ ਦੀਆਂ ਕੀਮਤਾਂ ’ਚ ਵਾਧੇ ਦਾ ਐਲਾਨ ਕੀਤਾ ਹੈ। ਮਾਰੂਤੀ ਸੁਜ਼ੂਕੀ ਦੀ ਯੋਜਨਾ ਕੀਮਤਾਂ ’ਚ 4٪ ਤਕ ਦਾ ਵਾਧਾ ਕਰਨ ਦੀ ਹੈ, ਜਦਕਿ ਹੁੰਡਈ ਕੀਮਤਾਂ ’ਚ 3٪ ਤਕ ਦਾ ਵਾਧਾ ਕਰੇਗੀ। ਟਾਟਾ ਮੋਟਰਜ਼, ਕਿਆ ਇੰਡੀਆ, ਹੋਂਡਾ ਕਾਰਜ਼ ਇੰਡੀਆ, ਰੇਨੋ ਇੰਡੀਆ ਅਤੇ ਬੀ.ਐਮ.ਡਬਲਯੂ. ਵਰਗੀਆਂ ਹੋਰ ਨਿਰਮਾਤਾਵਾਂ ਨੇ ਵੀ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ।
ਉਦਯੋਗ ਦੇ ਮਾਹਰਾਂ ਅਨੁਸਾਰ, ਕੀਮਤਾਂ ’ਚ ਵਾਧਾ ਵੱਖ-ਵੱਖ ਕਾਰਕਾਂ ਦਾ ਨਤੀਜਾ ਹੈ, ਜਿਸ ’ਚ ਮੁਦਰਾ ਦੇ ਉਤਰਾਅ-ਚੜ੍ਹਾਅ, ਕੱਚੇ ਮਾਲ ਦੀ ਲਾਗਤ ’ਚ ਵਾਧਾ ਅਤੇ ਸੰਚਾਲਨ ਖਰਚੇ ਸ਼ਾਮਲ ਹਨ। ਡੈਲੋਇਟ ਦੇ ਪਾਰਟਨਰ ਰਜਤ ਮਹਾਜਨ ਨੇ ਕਿਹਾ ਕਿ ਕਾਰ ਨਿਰਮਾਤਾਵਾਂ ਦੇ ਭਾਰਤ ’ਚ ਆਮ ਤੌਰ ’ਤੇ ਕੀਮਤਾਂ ’ਚ ਦੋ ਵਾਰ ਵਾਧਾ ਹੁੰਦਾ ਹੈ, ਇਕ ਕੈਲੰਡਰ ਸਾਲ ਦੀ ਸ਼ੁਰੂਆਤ ’ਚ ਅਤੇ ਦੂਜਾ ਵਿੱਤੀ ਸਾਲ ਦੀ ਸ਼ੁਰੂਆਤ ‘ਚ। ਹਾਲਾਂਕਿ, ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਮੰਗ ’ਤੇ ਕੀਮਤਾਂ ’ਚ ਇਨ੍ਹਾਂ ਵਾਧੇ ਦਾ ਪ੍ਰਭਾਵ ਮਾਮੂਲੀ ਹੋਣ ਦੀ ਉਮੀਦ ਹੈ, ਕਿਉਂਕਿ ਵੱਖ-ਵੱਖ ਮਾਡਲਾਂ ’ਚ ਪੇਸ਼ਕਸ਼ ’ਤੇ ਪਹਿਲਾਂ ਹੀ ਸਿਹਤਮੰਦ ਛੋਟ ਹੈ।