ਵੀਵੋ-ਇੰਡੀਆ ਦੇ ਅੰਤਰਿਮ ਸੀ.ਈ.ਓ. ਹਾਂਗ ਸ਼ੁਕੁਆਨ ਉਰਫ ਟੇਰੀ, ਸੀ.ਐਫ.ਓ. ਹਰਿੰਦਰ ਦਹੀਆ ਅਤੇ ਸਲਾਹਕਾਰ ਹੇਮੰਤ ਮੁੰਜਾਲ ਨੂੰ ਹਿਰਾਸਤ ਵਿਚ ਲਿਆ ਗਿਆ
ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਅਤੇ ਕੁਝ ਹੋਰਾਂ ਵਿਰੁਧ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੀ ਜਾਂਚ ਦੇ ਸਿਲਸਿਲੇ ’ਚ ਤਿੰਨ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਤਿੰਨਾਂ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਦੀਆਂ ਧਾਰਾਵਾਂ ਤਹਿਤ ਹਿਰਾਸਤ ’ਚ ਲਿਆ ਗਿਆ ਹੈ।
ਅਧਿਕਾਰੀਆਂ ਨੇ ਦਸਿਆ ਕਿ ਵੀਵੋ-ਇੰਡੀਆ ਦੇ ਅੰਤਰਿਮ ਸੀ.ਈ.ਓ. ਹਾਂਗ ਸ਼ੁਕੁਆਨ ਉਰਫ ਟੇਰੀ, ਸੀ.ਐਫ.ਓ. ਹਰਿੰਦਰ ਦਹੀਆ ਅਤੇ ਸਲਾਹਕਾਰ ਹੇਮੰਤ ਮੁੰਜਾਲ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐਮ.ਐਲ.ਏ.) ਦੀਆਂ ਧਾਰਾਵਾਂ ਤਹਿਤ ਹਿਰਾਸਤ ਵਿਚ ਲਿਆ ਗਿਆ ਹੈ।
ਸੰਘੀ ਏਜੰਸੀ ਨੇ ਇਸ ਤੋਂ ਪਹਿਲਾਂ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ’ਚ ਮੋਬਾਈਲ ਫੋਨ ਨਿਰਮਾਤਾ ਲਾਵਾ ਇੰਟਰਨੈਸ਼ਨਲ ਦੇ ਮੈਨੇਜਿੰਗ ਡਾਇਰੈਕਟਰ ਹਰੀ ਓਮ ਰਾਏ, ਚੀਨੀ ਨਾਗਰਿਕ ਗੁਆਂਗਵੇਨ ਉਰਫ ਐਂਡਰਿਊ ਕੁਆਂਗ, ਚਾਰਟਰਡ ਅਕਾਊਂਟੈਂਟ ਨਿਤਿਨ ਗਰਗ ਅਤੇ ਰਾਜਨ ਮਲਿਕ, ਜੋ ਸਾਰੇ ਇਸ ਸਮੇਂ ਨਿਆਂਇਕ ਹਿਰਾਸਤ ਵਿਚ ਹਨ। ਈ.ਡੀ. ਨੇ ਹਾਲ ਹੀ ’ਚ ਦਿੱਲੀ ਦੀ ਇਕ ਵਿਸ਼ੇਸ਼ ਪੀ.ਐਮ.ਐਲ.ਏ. ਅਦਾਲਤ ’ਚ ਉਨ੍ਹਾਂ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ’ਤੇ ਅਦਾਲਤ ਨੇ ਨੋਟਿਸ ਲਿਆ ਸੀ।