
Gold and Silver Prices : ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਦੂਜੇ ਦਿਨ ਗਿਰਾਵਟ ਜਾਰੀ ਰਹੀ
Gold and Silver Prices : ਨਵੀਂ ਦਿੱਲੀ: ਦਿੱਲੀ ਸਰਾਫਾ ਬਾਜ਼ਾਰ ’ਚ ਬੁਧਵਾਰ ਨੂੰ ਸੋਨਾ 650 ਰੁਪਏ ਦੀ ਗਿਰਾਵਟ ਨਾਲ 71,650 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਿਆ। ਵਿੱਤੀ ਸਾਲ 2024-25 ਦੇ ਬਜਟ ’ਚ ਆਯਾਤ ਡਿਊਟੀ ’ਚ ਕਟੌਤੀ ਦੇ ਐਲਾਨ ਅਤੇ ਗਹਿਣੇ ਵੇਚਣ ਵਾਲਿਆਂ ਦੀ ਕਮਜ਼ੋਰ ਮੰਗ ਕਾਰਨ ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਦੂਜੇ ਦਿਨ ਗਿਰਾਵਟ ਜਾਰੀ ਰਹੀ।
ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਕਿਹਾ ਕਿ ਪਿਛਲੇ ਕਾਰੋਬਾਰੀ ਸੈਸ਼ਨ ’ਚ ਮੰਗਲਵਾਰ ਨੂੰ ਸੋਨਾ 3,350 ਰੁਪਏ ਦੀ ਗਿਰਾਵਟ ਨਾਲ 72,300 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਹਾਲਾਂਕਿ, ਚਾਂਦੀ ਦੀ ਕੀਮਤ 87,500 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਸਥਿਰ ਰਹੀ। ਇਸ ਦੌਰਾਨ 99.9 ਫੀ ਸਦੀ ਅਤੇ 99.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ 650-650 ਰੁਪਏ ਦੀ ਗਿਰਾਵਟ ਨਾਲ ਕ੍ਰਮਵਾਰ 71,650 ਰੁਪਏ ਅਤੇ 71,300 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਿਆ।
ਕਾਰੋਬਾਰੀਆਂ ਨੇ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਦਾ ਕਾਰਨ ਸੋਨੇ ਅਤੇ ਚਾਂਦੀ ਸਮੇਤ ਕਈ ਉਤਪਾਦਾਂ ’ਤੇ ਕਸਟਮ ਡਿਊਟੀ ਘਟਾਉਣ ਦੇ ਸਰਕਾਰ ਦੇ ਕਦਮ ਨੂੰ ਦਸਿਆ । ਸੋਨੇ ਅਤੇ ਚਾਂਦੀ ’ਤੇ ਕਸਟਮ ਡਿਊਟੀ 15 ਫ਼ੀ ਸਦੀ ਤੋਂ ਘਟਾ ਕੇ 6 ਫ਼ੀ ਸਦੀ ਕਰ ਦਿਤੀ ਗਈ ਹੈ। ਪਿਛਲੇ ਦੋ ਦਿਨਾਂ ’ਚ ਸੋਨੇ ਦੀਆਂ ਕੀਮਤਾਂ ’ਚ 4,000 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਆ ਚੁੱਕੀ ਹੈ।
ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ ਦੇ ਸੀਨੀਅਰ ਵਿਸ਼ਲੇਸ਼ਕ ਕਮੋਡਿਟੀਜ਼ ਰੀਸਰਚ ਮਾਨਵ ਮੋਦੀ ਨੇ ਕਿਹਾ ਕਿ ਪਿਛਲੇ ਸੈਸ਼ਨ ’ਚ ਘਰੇਲੂ ਮੋਰਚੇ ’ਤੇ ਸੋਨੇ ਅਤੇ ਚਾਂਦੀ ’ਚ ਗਿਰਾਵਟ ਆਈ, ਕਿਉਂਕਿ ਵਿੱਤ ਮੰਤਰੀ ਨੇ ਆਯਾਤ ਡਿਊਟੀ ’ਚ ਕਟੌਤੀ ਦਾ ਐਲਾਨ ਕੀਤਾ ਸੀ, ਜਿਸ ਨੇ ਬਾਜ਼ਾਰ ਨੂੰ ਹੈਰਾਨ ਕਰ ਦਿਤਾ ਸੀ।
ਉਨ੍ਹਾਂ ਕਿਹਾ, ‘‘ਦੂਜੇ ਪਾਸੇ, ਕਾਮੈਕਸ ਦੀਆਂ ਕੀਮਤਾਂ ’ਚ ਵਾਧਾ ਹੋਇਆ, ਜਿਸ ਨਾਲ ਘਰੇਲੂ ਕੀਮਤਾਂ ਨਾਲ ਇਸ ਦੀ ਅਸਮਾਨਤਾ ਵਧ ਗਈ।’’ ਇਸ ਤੋਂ ਇਲਾਵਾ, ਘਰੇਲੂ ਕੀਮਤਾਂ ਨੂੰ ਵੀ ਡਿਊਟੀ ਕਟੌਤੀ ਦੇ ਪੂਰੇ ਪ੍ਰਭਾਵ ਨੂੰ ਹਜ਼ਮ ਕਰਨ ਅਤੇ ਕਾਮੈਕਸ ਦੇ ਬਰਾਬਰ ਆਉਣ ’ਚ ਕੁੱਝ ਸਮਾਂ ਲੱਗ ਸਕਦਾ ਹੈ। ਕੌਮਾਂਤਰੀ ਬਾਜ਼ਾਰ ’ਚ ਕਾਮੈਕਸ ’ਚ ਸੋਨਾ 6 ਡਾਲਰ ਪ੍ਰਤੀ ਔਂਸ ਦੀ ਤੇਜ਼ੀ ਨਾਲ 2,461.20 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਿਹਾ ਸੀ।
ਅਮਰੀਕੀ ਫੈਡਰਲ ਰਿਜ਼ਰਵ (ਫੈਡ) ਵਲੋਂ ਵਿਆਜ ਦਰਾਂ ’ਚ ਕਟੌਤੀ ’ਤੇ ਸਪੱਸ਼ਟਤਾ ਦਾ ਇੰਤਜ਼ਾਰ ਕਰ ਰਹੇ ਬਾਜ਼ਾਰ ’ਚ ਮੰਗਲਵਾਰ ਨੂੰ ਕਾਮੈਕਸ ਸੋਨੇ ਦੀਆਂ ਕੀਮਤਾਂ ’ਚ ਚਾਰ ਦਿਨਾਂ ਦੀ ਗਿਰਾਵਟ ਦਾ ਸਿਲਸਿਲਾ 2,400 ਡਾਲਰ ਤੋਂ ਉੱਪਰ ਪਹੁੰਚ ਗਿਆ। ਨਿਊਯਾਰਕ ’ਚ ਚਾਂਦੀ ਵੀ ਮਾਮੂਲੀ ਤੇਜ਼ੀ ਨਾਲ 29.38 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਈ।