
"ਇਹ ਅਟਕਲਾਂ ਹਨ। ਫਿਲਹਾਲ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ।"
ਨਵੀਂ ਦਿੱਲੀ: ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਖ਼ਬਰਾਂ ਵਾਇਰਲ ਹੋ ਰਹੀਆਂ ਸਨ ਕਿ 1000 ਰੁਪਏ ਦੇ ਨੋਟ ਵਾਪਸ ਸਰਕੂਲੇਸ਼ਨ ਵਿਚ ਆਉਣ ਵਾਲੇ ਹਨ। ਇਸ ਨੂੰ ਲੈ ਕੇ ਲੋਕ ਵੀ ਕਾਫੀ ਦੁਚਿੱਤੀ ਵਿਚ ਦਿਖਾਈ ਦੇ ਰਹੇ ਸਨ।
ਦਰਅਸਲ 2016 ਵਿਚ 1000 ਰੁਪਏ ਤੇ 500 ਰੁਪਏ ਦੇ ਨੋਟ ਭਾਰਤ ਸਰਕਾਰ ਵਲੋਂ ਬੰਦ ਕਰ ਦਿਤੇ ਗਏ ਸੀ ਅਤੇ 2000 ਰੁਪਏ ਅਤੇ 500 ਰੁਪਏ ਦੇ ਨਵੇਂ ਨੋਟ ਸਰਕੂਲੇਸ਼ਨ ਵਿਚ ਆਏ ਸਨ ਪਰ ਸਿਰਫ 7 ਸਾਲ ਬਾਅਦ ਹੀ 2000 ਰੁਪਏ ਦੇ ਨੋਟਾਂ ਨੂੰ ਖ਼ਤਮ ਕਰ ਦਿਤਾ ਗਿਆ। ਇਸ ਦੇ ਨਾਲ ਹੀ ਲੋਕ ਸੋਚੀਂ ਪੈ ਗਏ ਕਿ ਸ਼ਾਇਦ 1000 ਰੁਪਏ ਦੇ ਨੋਟ ਵਾਪਸ ਆ ਰਹੇ ਹਨ ਅਤੇ ਇਸ ਦੌਰਾਨ ਸੋਸ਼ਲ ਮੀਡੀਆ ’ਤੇ ਵੀ 1000 ਰੁਪਏ ਦੇ ਨੋਟ ਵਾਪਸ ਆਉਣ ਦੀ ਅਫਵਾਹ ਫੈਲ ਗਈ ਹੈ।
ਲੋਕਾਂ ਦੀ ਉਲਝਣ ਨੂੰ ਦੇਖਦੇ ਹੋਏ ਆਰ.ਬੀ.ਆਈ. ਨੂੰ ਵੀ ਬਿਆਨ ਦੇਣਾ ਪਿਆ ਪਿਆ ਕਿ ਇਹ ਸੱਭ ਸਿਰਫ ਅਫਵਾਹ ਹੈ ਹੋਰ ਕੁੱਝ ਨਹੀਂ। ਕੇਂਦਰੀ ਬੈਂਕ ਵਲੋਂ ਫਿਲਹਾਲ 1000 ਰੁਪਏ ਦੇ ਨੋਟ ਸਰਕੂਲੇਸ਼ਨ ਵਿਚ ਵਾਪਸ ਲਿਆਉਣ ਬਾਰੇ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ।
ਇਸ ਸਾਲ ਦੇ ਸ਼ੁਰੂ ਵਿਚ ਵੀ ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਸੀ ਕਿ 1,000 ਰੁਪਏ ਦੇ ਨੋਟਾਂ ਨੂੰ ਦੁਬਾਰਾ ਪੇਸ਼ ਕਰਨ ਦਾ ਕੋਈ ਪ੍ਰਸਤਾਵ ਨਹੀਂ ਹੈ।
ਰਿਜ਼ਰਵ ਬੈਂਕ ਦੇ ਗਵਰਨਰ ਨੇ 1,000 ਰੁਪਏ ਦੇ ਨੋਟਾਂ ਨੂੰ ਮੁੜ ਲਾਗੂ ਕੀਤੇ ਜਾਣ ਦੀਆਂ ਅਟਕਲਾਂ 'ਤੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ, "ਇਹ ਅਟਕਲਾਂ ਹਨ। ਫਿਲਹਾਲ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ।"
ਇਸ ਵਿਚ ਕਿਹਾ ਗਿਆ ਹੈ ਕਿ 2,000 ਰੁਪਏ ਦੇ ਨੋਟ ਪੇਸ਼ ਕਰਨ ਦਾ ਉਦੇਸ਼ ਉਦੋਂ ਪੂਰਾ ਹੋ ਗਿਆ ਜਦੋਂ ਹੋਰ ਮੁੱਲਾਂ ਦੇ ਬੈਂਕ ਨੋਟ ਲੋੜੀਂਦੀ ਮਾਤਰਾ ਵਿਚ ਉਪਲਬਧ ਹੋ ਗਏ। ਇਸ ਲਈ 2018-19 ਵਿਚ 2,000 ਰੁਪਏ ਦੇ ਨੋਟਾਂ ਦੀ ਛਪਾਈ ਰੋਕ ਦਿਤੀ ਗਈ ਸੀ।