
ਭਾਰਤ ’ਚ ਅਗਲੇ ਤਿੰਨ ਦਹਾਕਿਆਂ ’ਚ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਜਾਂ ਖੇਤਰ ਦੇ ਮੁਕਾਬਲੇ ਊਰਜਾ ਦੀ ਮੰਗ ’ਚ ਸਭ ਤੋਂ ਵੱਧ ਵਾਧਾ ਹੋਵੇਗਾ
ਨਵੀਂ ਦਿੱਲੀ: ਅੰਤਰਰਾਸ਼ਟਰੀ ਊਰਜਾ ਏਜੰਸੀ (ਆਈ.ਈ.ਏ.) ਨੇ ਮੰਗਲਵਾਰ ਨੂੰ ਕਿਹਾ ਕਿ ਘਰੇਲੂ ਏਅਰ ਕੰਡੀਸ਼ਨਰ ਚਲਾਉਣ ਲਈ ਭਾਰਤ ਦੀ ਬਿਜਲੀ ਦੀ ਮੰਗ 2050 ਤਕ ਨੌਂ ਗੁਣਾ ਵਧਣ ਦੀ ਉਮੀਦ ਹੈ, ਜੋ ਕਿ ਪੂਰੇ ਅਫਰੀਕਾ ਦੀ ਮੌਜੂਦਾ ਕੁਲ ਬਿਜਲੀ ਖਪਤ ਤੋਂ ਵੱਧ ਹੋਵੇਗੀ। ਆਈ.ਈ.ਏ. ਨੇ ਅਪਣੇ ‘ਵਰਲਡ ਐਨਰਜੀ ਆਉਟਲੁੱਕ’ ’ਚ ਕਿਹਾ ਹੈ ਕਿ ਭਾਰਤ ’ਚ ਅਗਲੇ ਤਿੰਨ ਦਹਾਕਿਆਂ ’ਚ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਜਾਂ ਖੇਤਰ ਦੇ ਮੁਕਾਬਲੇ ਊਰਜਾ ਦੀ ਮੰਗ ’ਚ ਸਭ ਤੋਂ ਵੱਧ ਵਾਧਾ ਹੋਵੇਗਾ।
ਆਈ.ਈ.ਏ. ਵਲੋਂ ਐਲਾਨੇ ਨੀਤੀਗਤ ਦ੍ਰਿਸ਼ਾਂ ਦੇ ਤਹਿਤ, ਭਾਰਤ ਦੀ ਊਰਜਾ ਸਪਲਾਈ 2022 ’ਚ 42 ਐਕਸਾਜੂਲ (ਈ.ਜੇ.) ਤੋਂ 2030 ’ਚ 53.7 ਈ.ਜੇ. ਅਤੇ 2050 ’ਚ 73 ਈ.ਜੇ. ਹੋਣ ਦਾ ਅਨੁਮਾਨ ਹੈ। ਐਲਾਨੇ ਵਾਅਦੇ ਤਹਿਤ, 2030 ਤਕ 47.6 ਈ.ਜੇ. ਅਤੇ 2050 ਤਕ 60.3 ਈ.ਜੇ. ਤਕ ਵਧਣ ਦਾ ਅਨੁਮਾਨ ਹੈ।
ਐਲਾਨੀ ਨੀਤੀ ਦੇ ਦ੍ਰਿਸ਼ ਤਹਿਤ, ਤੇਲ ਦੀ ਮੰਗ 2022 ’ਚ 52 ਲੱਖ ਬੈਰਲ ਪ੍ਰਤੀ ਦਿਨ (ਬੀ.ਪੀ.ਡੀ.) ਤੋਂ 2030 ’ਚ 68 ਲੱਖ ਬੈਰਲ ਅਤੇ 2050 ’ਚ 78 ਲੱਖ ਬੈਰਲ ਪ੍ਰਤੀ ਦਿਨ (ਬੀ.ਪੀ.ਡੀ.) ਤਕ ਵਧਣ ਦਾ ਅਨੁਮਾਨ ਹੈ। ਐਲਾਨੇ ਵਾਅਦੇ ਤਹਿਤ ਇਹ ਮੰਗ 2030 ’ਚ 62 ਲੱਖ ਬੀ.ਪੀ.ਡੀ. ਅਤੇ 2050 ’ਚ 47 ਲੱਖ ਬੀ.ਪੀ.ਡੀ. ਹੋ ਸਕਦੀ ਹੈ। ਪੈਰਿਸ-ਅਧਾਰਤ ਏਜੰਸੀ ਨੇ ਕਿਹਾ, ‘‘ਬਿਜਲੀ ਦੀ ਖਪਤ ’ਤੇ ਕੂਲਿੰਗ ਲੋੜਾਂ ਦਾ ਅਸਰ ਪਹਿਲਾਂ ਹੀ ਸਪੱਸ਼ਟ ਹੈ। ਬਿਜਲੀ ਦੀ ਮੰਗ ਤਾਪਮਾਨ ’ਤੇ ਨਿਰਭਰ ਕਰਦੀ ਹੈ ਅਤੇ ਭਾਰਤ ’ਚ ਇਹ ਮੰਗ ਤੇਜ਼ੀ ਨਾਲ ਵਧੀ ਹੈ।’’
‘ਵਰਲਡ ਐਨਰਜੀ ਆਉਟਲੁੱਕ’ ਨੇ ਕਿਹਾ, ‘‘ਆਈ.ਈ.ਏ. ਦ੍ਰਿਸ਼ਾਂ ਦੇ ਤਹਿਤ, ਘਰੇਲੂ ਏਅਰ ਕੰਡੀਸ਼ਨਰਾਂ ਨੂੰ ਚਲਾਉਣ ਲਈ ਬਿਜਲੀ ਦੀ ਮੰਗ 2050 ਤਕ ਨੌ ਗੁਣਾ ਵਧਣ ਦਾ ਅਨੁਮਾਨ ਹੈ, ਜੋ ਕਿ ਟੈਲੀਵਿਜ਼ਨ, ਫਰਿੱਜ ਅਤੇ ਵਾਸ਼ਿੰਗ ਮਸ਼ੀਨਾਂ ਸਮੇਤ ਹਰ ਦੂਜੇ ਮੁੱਖ ਘਰੇਲੂ ਉਪਕਰਣ ਦੇ ਵਾਧੇ ਨੂੰ ਪਛਾੜ ਦੇਵੇਗੀ। 2050 ਵਲੋਂ ਐਲਾਨ ਕੀਤੇ ਗਏ ਨੀਤੀਗਤ ਦ੍ਰਿਸ਼ ’ਚ ਏ.ਸੀ. ਰਿਹਾਇਸ਼ੀ ਬਿਜਲੀ ਦੀ ਮੰਗ ਨੂੰ ਨੌਂ ਗੁਣਾ ਵਧਾਏਗੀ।’’ ਆਈ.ਈ.ਏ. ਨੇ ਕਿਹਾ ਕਿ 2050 ਤਕ, ‘‘ਰਿਹਾਇਸ਼ੀ ਏਅਰ ਕੰਡੀਸ਼ਨਰਾਂ ਤੋਂ ਭਾਰਤ ਦੀ ਕੁਲ ਬਿਜਲੀ ਦੀ ਮੰਗ ਅੱਜ ਪੂਰੇ ਅਫਰੀਕਾ ’ਚ ਕੁਲ ਬਿਜਲੀ ਦੀ ਖਪਤ ਤੋਂ ਵੱਧ ਜਾਵੇਗੀ।’’