
ਵਿਆਪਕ ਮੁਹਿੰਮ ਦਾ ਉਦੇਸ਼ ਵਾਤਾਵਰਣ-ਪੱਖੀ ਅਭਿਆਸਾਂ ਵੱਲ ਵਿਵਹਾਰਕ ਤਬਦੀਲੀ ਲਿਆਉਣ ਲਈ ਲੋਕਾਂ ਦੇ ਦਿਲਾਂ ਅਤੇ ਮਨਾਂ ਨੂੰ ਜਿੱਤਣਾ ਹੈ: ਗੁਰਮੀਤ ਸਿੰਘ ਖੁੱਡੀਆਂ
ਚੰਡੀਗੜ੍ਹ: ਸੂਬੇ ਵਿੱਚ ਪਰਾਲੀ ਸਾੜਨ ਦੀ ਗੰਭੀਰ ਸਮੱਸਿਆ ਨਾਲ ਨਜਿੱਠਣ ਅਤੇ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਵੱਲ ਅਹਿਮ ਕਦਮ ਚੁੱਕਦਿਆਂ, ਪੰਜਾਬ ਸਰਕਾਰ ਵੱਲੋਂ ਫਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ.) ਲਈ ਇੱਕ ਵਿਆਪਕ ਅਤੇ ਅਭਿਲਾਸ਼ੀ ਸੂਚਨਾ, ਸਿੱਖਿਆ ਅਤੇ ਸੰਚਾਰ (ਆਈ.ਈ.ਸੀ.) ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਐਲਾਨ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ।
ਇਸ ਪਹਿਲਕਦਮੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ. ਖੁੱਡੀਆਂ ਨੇ ਕਿਹਾ ਕਿ ਇਸ ਵਿਆਪਕ ਮੁਹਿੰਮ ਦਾ ਉਦੇਸ਼ ਸੂਬੇ ਦੇ ਭਾਈਚਾਰਿਆਂ, ਵਿਦਿਆਰਥੀਆਂ ਅਤੇ ਕਿਸਾਨਾਂ ਨੂੰ ਸਿੱਧੇ ਤੌਰ 'ਤੇ ਸ਼ਾਮਲ ਕਰਨਾ ਹੈ ਤਾਂ ਜੋ ਵਾਤਾਵਰਣ-ਅਨੁਕੂਲ ਅਭਿਆਸਾਂ ਵੱਲ ਵਿਵਹਾਰਕ ਤਬਦੀਲੀ ਲਿਆਂਦੀ ਜਾ ਸਕੇ ਅਤੇ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਬਹੁ-ਪੱਖੀ ਆਈ.ਈ.ਸੀ. ਰਣਨੀਤੀ ਵਿੱਚ ਵੱਧ ਤੋਂ ਵੱਧ ਪਹੁੰਚ ਅਤੇ ਪ੍ਰਭਾਵ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਗਤੀਵਿਧੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਜਾਣਕਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਸਾਰਿਤ ਕਰਨ ਲਈ ਵਿਭਾਗ ਵੱਲੋਂ ਪੇਂਡੂ ਖੇਤਰਾਂ ਵਿੱਚ ਜਾਣਕਾਰੀ ਭਰਪੂਰ ਸੰਦੇਸ਼ ਪ੍ਰਸਾਰਿਤ ਕਰਨ ਲਈ 50 ਸਮਰਪਿਤ ਪ੍ਰਚਾਰ ਵੈਨਾਂ ਤਾਇਨਾਤ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਸੱਭਿਆਚਾਰਕ ਢੰਗ ਨਾਲ ਸੰਦੇਸ਼ ਪਹੁੰਚਾਉਣ ਲਈ 444 'ਨੁੱਕੜ ਨਾਟਕ' ਕਰਵਾਏ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਫਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ.) ਦੇ ਫਾਇਦਿਆਂ ਅਤੇ ਝੋਨੇ ਦੀ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਨੂੰ ਉਜਾਗਰ ਕਰਨ ਲਈ ਸੂਬੇ ਭਰ ਵਿੱਚ 12,500 ਜਾਣਕਾਰੀ ਭਰਪੂਰ ਕੰਧ ਚਿੱਤਰ ਬਣਾਏ ਜਾਣਗੇ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕਿਸਾਨਾਂ ਨੂੰ ਫਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ.) ਬਾਰੇ ਜਾਣਕਾਰੀ, ਮਾਹਿਰਾਂ ਦੀ ਸਲਾਹ ਅਤੇ ਸਰਕਾਰੀ ਯੋਜਨਾਵਾਂ ਤੱਕ ਸਿੱਧੀ ਪਹੁੰਚ ਪ੍ਰਦਾਨ ਕਰਨ ਲਈ 3,333 ਪਿੰਡ-ਪੱਧਰੀ ਕੈਂਪ ਅਤੇ 296 ਬਲਾਕ-ਪੱਧਰੀ ਕੈਂਪ ਲਗਾਏ ਜਾਣਗੇ, ਜਿਸ ਨਾਲ ਉਨ੍ਹਾਂ ਨੂੰ ਟਿਕਾਊ ਅਭਿਆਸਾਂ ਨੂੰ ਅਪਣਾਉਣ ਲਈ ਜਾਗਰੂਕ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ, ਹਰ ਪਰਿਵਾਰ ਤੱਕ ਨਿੱਜੀ ਤੌਰ ‘ਤੇ ਸੰਦੇਸ਼ ਪਹੁੰਚਾਉਣ ਲਈ 148 ਆਸ਼ਾ ਵਰਕਰਾਂ ਨੂੰ ਪਿੰਡਾਂ ਵਿੱਚ ਘਰ-ਘਰ ਜਾਗਰੂਕਤਾ ਮੁਹਿੰਮਾਂ ਚਲਾਉਣ ਲਈ ਲਾਮਬੰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਵਿੱਚ ਛੋਟੀ ਉਮਰ ਤੋਂ ਹੀ ਵਾਤਾਵਰਣ ਚੇਤਨਾ ਪੈਦਾ ਕਰਨ ਲਈ ਉਨ੍ਹਾਂ ਨੂੰ ਲੇਖ ਲਿਖਣ, ਪੇਂਟਿੰਗ ਅਤੇ ਵਿਚਾਰ-ਵਟਾਂਦਰਾ ਮੁਕਾਬਲਿਆਂ ਵਿੱਚ ਸ਼ਾਮਲ ਕੀਤਾ ਜਾਵੇਗਾ।
ਸ. ਖੁੱਡੀਆਂ ਨੇ ਕਿਹਾ, “ਸਾਡੀ ਮਿੱਟੀ ਅਤੇ ਸਾਡੇ ਲੋਕਾਂ ਦੀ ਸਿਹਤ ਸਾਡੀ ਪ੍ਰਮੁੱਖ ਤਰਜੀਹ ਹੈ। ਇਸ ਸਾਲ, ਅਸੀਂ ਸਿਰਫ਼ ਮਸ਼ੀਨਰੀ ਪ੍ਰਦਾਨ ਕਰਨ 'ਤੇ ਧਿਆਨ ਕੇਂਦਰਿਤ ਨਹੀਂ ਕਰ ਰਹੇ ਹਾਂ, ਸਗੋਂ ਆਪਣੇ ਕਿਸਾਨ ਭਾਈਚਾਰੇ ਦੇ ਦਿਲਾਂ ਅਤੇ ਮਨਾਂ ਨੂੰ ਜਿੱਤਣ 'ਤੇ ਵੀ ਧਿਆਨ ਕੇਂਦਰਿਤ ਕਰ ਰਹੇ ਹਾਂ। ਇਹ ਵਿਆਪਕ ਆਊਟਰੀਚ ਪ੍ਰੋਗਰਾਮ ਪਰਾਲੀ ਸਾੜਨ ਵਿਰੁੱਧ ਇੱਕ 'ਜਨਤਕ ਲਹਿਰ' ਹੈ। ਅਸੀਂ ਸਿੱਧੇ ਜ਼ਮੀਨੀ ਪੱਧਰ 'ਤੇ ਪਿੰਡਾਂ, ਸਕੂਲਾਂ ਅਤੇ ਘਰਾਂ ਤੱਕ ਪਹੁੰਚ ਬਣਾ ਰਹੇ ਹਾਂ ਤਾਂ ਜੋ ਸਾਡੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਵਿੱਚ ਅੱਗੇ ਆਉਣ ਲਈ ਸਿੱਖਿਅਤ, ਸਸ਼ਕਤ ਅਤੇ ਉਤਸ਼ਾਹਿਤ ਕੀਤਾ ਜਾ ਸਕੇ। ਸਾਡਾ ਟੀਚਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਾਫ਼, ਹਰਿਆ-ਭਰਿਆ ਅਤੇ ਸਿਹਤਮੰਦ ਪੰਜਾਬ ਯਕੀਨੀ ਬਣਾਉਣਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਇਹ ਮੁਹਿੰਮ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਹਵਾ ਪ੍ਰਦੂਸ਼ਣ ਦੀ ਚੁਣੌਤੀ ਨਾਲ ਨਜਿੱਠਣ ਪ੍ਰਤੀ ਦ੍ਰਿੜ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਬੰਧਕੀ ਸਕੱਤਰ ਡਾ. ਬਸੰਤ ਗਰਗ ਨੇ ਕਿਹਾ ਕਿ ਸਾਲ 2018-19 ਤੋਂ ਹੁਣ ਤਕ ਸੂਬੇ ਦੇ ਕਿਸਾਨਾਂ ਨੂੰ ਕੁੱਲ 1.58 ਲੱਖ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਭਾਈਚਾਰਕ ਸ਼ਮੂਲੀਅਤ ਅਤੇ ਖੇਤੀਬਾੜੀ ਖੇਤਰ ਦੇ ਮਸ਼ੀਨੀਕਰਨ ਨਾਲ ਇਸ ਸੀਜ਼ਨ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵੱਡੇ ਪੱਧਰ ਉੱਤੇ ਕਮੀ ਆਵੇਗੀ।