
ਭਾਰਤ ਦੇ ਮਸ਼ਹੂਰ ਬਰਾਂਡ ਨਾਲ ਕੰਮ ਕਰਨਾ ਕਿਸਮਤ ਵਾਲੀ ਗੱਲ ਹੈ : ਮਨੋਜ ਮਧੂਕਰ
ਚੰਡੀਗੜ੍ਹ: ਬੀਕਾਨੇਰਵਾਲਾ ਨੇ ਘਰੇਲੂ ਅਤੇ ਕੌਮਾਂਤਰੀ ਬਾਜ਼ਾਰਾਂ ’ਚ ਅਪਣੀ ਪਹੁੰਚ ਵਧਾਉਣ ਲਈ ਪੰਜਾਬ ਦੇ ਮੋਂਟਾਨਾ ਸਮੂਹ ਨਾਲ ਗਠਜੋੜ ਕੀਤਾ ਹੈ। ਕੰਪਨੀ ਵਲੋਂ ਜਾਰੀ ਇਕ ਬਿਆਨ ਅਨੁਸਾਰ ਇਹ ਕਦਮ ਵਿਸਤਾਰ ਲਈ ਮਹੱਤਵਪੂਰਨ ਸਾਬਤ ਹੋਵੇਗਾ। ਇਸ ਦਾ ਮਕਸਦ ਵਿਆਪਕ ਪੱਧਰ ’ਤੇ ਲੋਕਾਂ ਤਕ ਪਹੁੰਚਣਾ ਹੈ।
ਮੋਂਟਾਨਾ ਸਮੂਹ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਮਨੋਜ ਮਧੂਕਰ ਨੇ ਕਿਹਾ ਕਿ ਭਾਰਤ ਦੇ ਮਸ਼ਹੂਰ ਬਰਾਂਡ ਨਾਲ ਕੰਮ ਕਰਨਾ ਕਿਸਮਤ ਵਾਲੀ ਗੱਲ ਹੈ। ਪੂਰੀ ਟੀਮ ਆਉਣ ਵਾਲੇ ਸਾਲਾਂ ’ਚ ਇਸ ਬਰਾਂਡ ਨੂੰ ਕੌਮਾਂਤਰੀ ਪੱਧਰ ’ਤੇ ਬਿਹਤਰੀਨ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕਰੇਗਾ।
ਬੀਕਾਨੇਰਵਾਲਾ ਦੇ ਸੀ.ਈ.ਓ. ਸੁਰੇਸ਼ ਕੁਮਾਰ ਨੇ ਵੀ ਮੀਡੀਆ ਨੂੰ ਘਰੇਲੂ ਅਤੇ ਕੌਮਾਂਤਰੀ ਬਾਜ਼ਾਰ ’ਚ ਕੰਪਨੀ ਦੇ ਮੌਜੂਦਾ ਸੰਚਾਲਨ ਅਤੇ ਭਵਿੱਖ ਦੀ ਵਿਸਤਾਰ ਯੋਜਨਾ ਬਾਰੇ ਜਾਣਕਾਰੀ ਦਿਤੀ।
ਉਨ੍ਹਾਂ ਕਿਹਾ ਕਿ ਘਰੇਲੂ ਬਾਜ਼ਾਰ ’ਚ ਕੰਪਨੀ ਦੇਸ਼ ਦੇ ਉੱਤਰੀ ਹਿੱਸੇ ’ਚ ਪੰਜਾਬ ਅਤੇ ਜੰਮੂ-ਕਸ਼ਮੀਰ, ਦੱਖਣ ’ਚ ਤਮਿਲਨਾਡੂ ਅਤੇ ਕਰਨਾਟਕ ਅਤੇ ਪਛਮੀ ਹਿੱਸੇ ’ਚ ਮਹਾਰਾਸ਼ਟਰ ’ਤੇ ਧਿਆਨ ਕੇਂਦਰਿਤ ਕਰੇਗੀ। ਕੰਪਨੀ ਨੇ ਕਿਹਾ ਕਿ ਕੌਮਾਂਤਰੀ ਬਾਜ਼ਾਰ ’ਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਬਰਤਾਨੀਆਂ ਨੂੰ ਪਹਿਲ ਦਿਤੀ ਜਾਵੇਗੀ।