ਕਿਹਾ, ਪਟਰੌਲ ਅਤੇ ਡੀਜ਼ਲ ਦਾ ਆਯਾਤ ਰੋਕਣਾ ਵਿਸ਼ਵ ’ਚ ਅਤਿਵਾਦ ਨੂੰ ਰੋਕਣ ਨਾਲ ਜੁੜਿਆ ਹੋਇਆ ਹੈ
Nitin Gadkari News : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਐਤਵਾਰ ਨੂੰ ਕਿਹਾ ਕਿ ਨਿਰਯਾਤ ਵਧਾਉਣਾ ਅਤੇ ਆਯਾਤ ਘਟਾਉਣਾ ਦੇਸ਼ ਭਗਤੀ ਅਤੇ ਸਵਦੇਸ਼ੀ ਨੂੰ ਅਪਣਾਉਣ ਵਲ ਵਧਣ ਦਾ ਇਕ ਨਵਾਂ ਤਰੀਕਾ ਹੈ।
ਉਨ੍ਹਾਂ ਕਿਹਾ ਕਿ ਉਹ ਦਿਨ ਭਾਰਤ ਲਈ ਨਵੀਂ ਆਜ਼ਾਦੀ ਵਰਗਾ ਹੋਵੇਗਾ ਜਦੋਂ ਦੇਸ਼ ਪਟਰੌਲ ਜਾਂ ਡੀਜ਼ਲ ਦੀ ਇਕ ਬੂੰਦ ਵੀ ਆਯਾਤ ਨਹੀਂ ਕਰੇਗਾ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਹਫਤਾਵਾਰੀ ਮੈਗਜ਼ੀਨ ਪਾਂਚਜਨਿਆ ਦੇ ਪ੍ਰੋਗਰਾਮ ਸਾਗਰ ਮੰਥਨ 2.0 ’ਚ ਕਿਹਾ ਕਿ ਪਟਰੌਲ ਅਤੇ ਡੀਜ਼ਲ ਦਾ ਆਯਾਤ ਰੋਕਣਾ ਵਿਸ਼ਵ ’ਚ ਅਤਿਵਾਦ ਨੂੰ ਰੋਕਣ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ, ‘‘ਜਦੋਂ ਤਕ ਇਹ ਦਰਾਮਦ ਬੰਦ ਨਹੀਂ ਕੀਤੀ ਜਾਂਦੀ, ਉਦੋਂ ਤਕ ਦੁਨੀਆਂ ’ਚ ਅਤਿਵਾਦ ਨਹੀਂ ਰੁਕੇਗਾ। ਮੇਰੀ ਜ਼ਿੰਦਗੀ ਦਾ ਮਕਸਦ ਪਟਰੌਲ ਅਤੇ ਡੀਜ਼ਲ ਦੀ ਦਰਾਮਦ ਨੂੰ ਰੋਕਣਾ ਹੈ। ਮੈਂ ਉਸ ਦਿਨ ਨੂੰ ਭਾਰਤ ਲਈ ਇਕ ਨਵੀਂ ਆਜ਼ਾਦੀ ਮੰਨਦਾ ਹਾਂ ਜਦੋਂ ਦੇਸ਼ ’ਚ ਪਟਰੌਲ ਅਤੇ ਡੀਜ਼ਲ ਦੀ ਇਕ ਬੂੰਦ ਵੀ ਆਯਾਤ ਨਹੀਂ ਕੀਤੀ ਜਾਵੇਗੀ।’’
ਉਨ੍ਹਾਂ ਅੱਗੇ ਕਿਹਾ, ‘ਇਸ ਸਮੇਂ ਪਟਰੌਲ ਅਤੇ ਡੀਜ਼ਲ ਦਾ ਆਯਾਤ ਬਿਲ 16 ਲੱਖ ਕਰੋੜ ਰੁਪਏ ਹੈ। ਜੇ ਅਸੀਂ ਇਸ ਆਯਾਤ ਨੂੰ ਘਟਾਉਂਦੇ ਹਾਂ, ਤਾਂ ਜੋ ਪੈਸਾ ਅਸੀਂ ਬਚਾਉਂਦੇ ਹਾਂ ਉਹ ਗਰੀਬਾਂ ਨੂੰ ਜਾਵੇਗਾ। ਇਸ ਲਈ ਅਸੀਂ ਬਾਇਓਫਿਊਲ ਵਰਗੇ ਬਦਲਵੇਂ ਬਾਲਣ ਪੇਸ਼ ਕੀਤੇ ਹਨ। ਆਯਾਤ ’ਚ ਕਮੀ ਅਤੇ ਨਿਰਯਾਤ ’ਚ ਵਾਧਾ ਦੇਸ਼ ਭਗਤੀ ਅਤੇ ਸਵਦੇਸ਼ੀ ਨੂੰ ਅਪਣਾਉਣ ਵਲ ਅੱਗੇ ਵਧਣ ਦਾ ਰਸਤਾ ਹੈ।’’
ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ 2014 ’ਚ ਅਹੁਦਾ ਸੰਭਾਲਿਆ ਸੀ ਤਾਂ ਭਾਰਤ ’ਚ ਆਟੋਮੋਬਾਈਲ ਉਦਯੋਗ ਦਾ ਆਕਾਰ 7 ਲੱਖ ਕਰੋੜ ਰੁਪਏ ਸੀ। ਹੁਣ ਇਹ ਵਧ ਕੇ 12.5 ਲੱਖ ਕਰੋੜ ਰੁਪਏ ਹੋ ਗਿਆ ਹੈ ਅਤੇ ਇਸ ਖੇਤਰ ’ਚ 4.5 ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਆਟੋ ਇੰਡਸਟਰੀ ਵੀ ਸਰਕਾਰਾਂ ਨੂੰ ਸੱਭ ਤੋਂ ਵੱਧ ਜੀਐੱਸਟੀ ਮਾਲੀਆ ਦਿੰਦੀ ਹੈ।
(For more news apart from Nitin Gadkari News, stay tuned to Rozana Spokesman)