
ਸੈਂਡਬਾਕਸ ਗਾਈਡਲਾਈਨਸ ਜਲਦ ਹੋਣਗੀਆਂ ਜਾਰੀ
ਨਵੀਂ ਦਿੱਲੀ : ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਇਸ ਹਫ਼ਤੇ ਦੇਸ਼ ਦੇ ਵੱਖ-ਵੱਖ ਪੇਮੈਂਟ ਬੈਂਕਾਂ ਦੇ ਮੁਖੀਆਂ ਨਾਲ ਮੁਲਾਕਾਤ ਕਰਨਗੇ। ਸ਼ਕਤੀਕਾਂਤ ਦਾਸ ਦੀ ਇਹ ਮੁਲਾਕਾਤ ਪੇਮੈਂਟ ਬੈਂਕ ਦੀਆਂ ਦਿੱਕਤਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਹੈ। ਸ਼ਕਤੀਕਾਂਤ ਦਾਸ ਨੇ ਸੋਮਵਾਰ ਨੂੰ ਕਿਹਾ, ਪੇਮੈਂਟ ਬੈਂਕਾਂ ਦੇ ਮੁਖੀਆਂ ਨਾਲ ਇਸ ਹਫ਼ਤੇ ਬੈਠਕ ਹੋਵੇਗੀ।
ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਗੇ ਕਿਹਾ ਕਿ ਦੇਸ਼ ਵਿਚ ਆਰਥਿਕ ਟੈਕਨੋਲਾਜੀ ਨੂੰ ਹੁਲਾਰਾ ਦੇਣ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਦੀ ਨਿਗਰਾਨੀ ਵਿਚ ਛੋਟੀਆਂ ਕੰਪਨੀਆਂ ਨੂੰ ਰੈਗਿਉਲੇਟਰੀ ਸੈਂਡਬਾਕਸ ਦੀ ਸਹੂਲਤ ਦੇਣ ਨੂੰ ਲੈ ਕੇ ਅਗਲੇ ਦੋ ਮਹੀਨਿਆਂ ਵਿਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਸੈਂਡਬਾਕਸ ਤਰੀਕਾ ਇਕ ਅਜਿਹਾ ਮਾਧਿਅਮ ਹੈ ਜੋ ਕਿਸੇ ਨਵੀਂ ਤਕਨੀਕ ਜਾਂ ਪ੍ਰਣਾਲੀ ਨੂੰ ਅਮਲ ਵਿਚ ਲਿਆਉਣ ਤੋਂ ਪਹਿਲਾਂ ਪ੍ਰਯੋਗ ਕਰਨ ਅਤੇ ਸਿੱਖਣ ਦੀ ਸੌਖ ਦਿੰਦਾ ਹੈ।
ਦੱਸ ਦਈਏ ਕਿ ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਵਿਚ ਬੈਂਕਿੰਗ ਸੇਵਾਵਾਂ ਨੂੰ ਘਰ-ਘਰ ਪਹੁੰਚਾਉਣ ਲਈ ਪੇਮੈਂਟ ਬੈਂਕਾਂ ਨੂੰ ਕੰਮਕਾਜ ਕਰਨ ਦੀ ਇਜਾਜ਼ਤ ਦਿਤੀ ਸੀ। ਇਹ ਮੁਲਾਕਾਤ ਅਜਿਹੇ ਸਮਾਂ ਵਿਚ ਹੋ ਰਹੀ ਹੈ ਜਦੋਂ ਰਿਜਰਵ ਬੈਂਕ ਦੀ ਮੌਦਰਿਕ ਨੀਤੀ ਕਮੇਟੀ (ਐਮਪੀਸੀ) ਦੀ ਬੈਠਕ 2 ਤੋਂ 4 ਅਪ੍ਰੈਲ ਨੂੰ ਹੋਣੀ ਹੈ। ਇਸ ਨਵੇਂ ਵਿੱਤੀ ਸਾਲ ਵਿਚ ਮੌਦਰਿਕ ਨੀਤੀ ਕਮੇਟੀ ਦੀਆਂ ਕੁੱਲ 6 ਬੈਠਕਾਂ ਹੋਣਗੀਆਂ। ਆਰਬੀਆਈ ਦੇ ਮੁਤਾਬਕ ਐਮਪੀਸੀ ਦੀ ਦੂਜੀ ਬੈਠਕ 3, 4 ਅਤੇ 6 ਜੂਨ ਨੂੰ,
ਤੀਜੀ ਬੈਠਕ 5 ਤੋਂ 7 ਅਗਸਤ ਨੂੰ, ਚੌਥੀ ਬੈਠਕ 1, 3 ਅਤੇ 4 ਅਕਤੂਬਰ ਨੂੰ, ਪੰਜਵੀਂ ਬੈਠਕ 3 ਤੋਂ 5 ਦਸੰਬਰ ਅਤੇ ਛੇਵੀਂ ਬੈਠਕ 4 ਤੋਂ 6 ਫਰਵਰੀ 2020 ਨੂੰ ਹੋਵੇਗੀ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ ਕਮੇਟੀ ਵਿਚ ਕੇਂਦਰੀ ਬੈਂਕ ਦੇ ਦੋ ਪ੍ਰਤੀਨਿੱਧੀ ਅਤੇ ਤਿੰਨ ਬਾਹਰੀ ਮੈਂਬਰ ਹੁੰਦੇ ਹਨ।