
ਇਸ ਦੇ ਨਾਲ ਹੀ ਤਲਾਸ਼ੀ ਮੁਹਿੰਮ ਦੌਰਾਨ ਇਕ ਮੁਲਜ਼ਮ ਸੀਬੀਆਈ ਅਧਿਕਾਰੀਆਂ 'ਤੇ ਹਮਲਾ ਕਰਕੇ ਫਰਾਰ ਹੋ ਗਿਆ।
ਨਵੀਂ ਦਿੱਲੀ: ਸੀਬੀਆਈ ਨੇ ਰਾਜ ਸਭਾ ਸੀਟਾਂ ਅਤੇ ਰਾਜਪਾਲ ਦਾ ਅਹੁਦਾ ਦੇਣ ਦੇ ਝੂਠੇ ਵਾਅਦਿਆਂ ਨਾਲ ਲੋਕਾਂ ਤੋਂ ਕਥਿਤ ਤੌਰ ’ਤੇ 100 ਕਰੋੜ ਰੁਪਏ ਠੱਗਣ ਦੀ ਕੋਸ਼ਿਸ਼ ਕਰਨ ਵਾਲੇ ਬਹੁ-ਰਾਜੀ ਧੋਖਾਧੜੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਏਜੰਸੀ ਨੇ ਇਸ ਦੌਰਾਨ ਚਾਰ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ। ਇਸ ਦੇ ਨਾਲ ਹੀ ਤਲਾਸ਼ੀ ਮੁਹਿੰਮ ਦੌਰਾਨ ਇਕ ਮੁਲਜ਼ਮ ਸੀਬੀਆਈ ਅਧਿਕਾਰੀਆਂ 'ਤੇ ਹਮਲਾ ਕਰਕੇ ਫਰਾਰ ਹੋ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਦੇ ਅਧਿਕਾਰੀਆਂ 'ਤੇ ਕਥਿਤ ਤੌਰ 'ਤੇ ਹਮਲਾ ਕਰਨ ਦੇ ਦੋਸ਼ ਵਿਚ ਸਥਾਨਕ ਪੁਲਿਸ ਸਟੇਸ਼ਨ ਵਿਚ ਉਹਨਾਂ ਖ਼ਿਲਾਫ਼ ਇਕ ਵੱਖਰੀ ਐਫਆਈਆਰ ਦਰਜ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਆਪਣੀ ਐਫਆਈਆਰ ਵਿਚ ਮਹਾਰਾਸ਼ਟਰ ਦੇ ਲਾਤੂਰ ਦੇ ਕਮਲਾਕਰ ਪ੍ਰੇਮਕੁਮਾਰ ਬੰਦਗਰ, ਕਰਨਾਟਕ ਦੇ ਬੇਲਗਾਮ ਦੇ ਰਵਿੰਦਰ ਵਿੱਠਲ ਨਾਇਕ ਅਤੇ ਮਹਿੰਦਰ ਪਾਲ ਅਰੋੜਾ, ਦਿੱਲੀ-ਐਨਸੀਆਰ ਦੇ ਅਭਿਸ਼ੇਕ ਬੂਰਾ ਅਤੇ ਮੁਹੰਮਦ ਐਜਾਜ਼ ਖਾਨ ਨੂੰ ਨਾਮਜ਼ਦ ਕੀਤਾ ਹੈ।
ਐਫਆਈਆਰ ਵਿਚ ਦੋਸ਼ ਹੈ ਕਿ ਉਹਨਾਂ ਨੇ ਰਾਜ ਸਭਾ ਵਿਚ ਸੀਟਾਂ ਦੀ ਵਿਵਸਥਾ, ਰਾਜਪਾਲ ਵਜੋਂ ਨਿਯੁਕਤੀ, ਕੇਂਦਰ ਸਰਕਾਰ ਦੇ ਮੰਤਰਾਲਿਆਂ ਅਤੇ ਵਿਭਾਗਾਂ ਦੇ ਅਧੀਨ ਵੱਖ-ਵੱਖ ਸਰਕਾਰੀ ਸੰਸਥਾਵਾਂ ਵਿਚ ਚੇਅਰਮੈਨ ਵਜੋਂ ਨਿਯੁਕਤੀ ਬਾਰੇ ਝੂਠਾ ਭਰੋਸਾ ਦੇ ਕੇ ਲੋਕਾਂ ਨੂੰ ਧੋਖਾ ਦੇਣ ਦੀ ਸਾਜ਼ਿਸ਼ ਰਚੀ। ਏਜੰਸੀ ਨੂੰ ਆਪਣੇ ਸਰੋਤਾਂ ਰਾਹੀਂ ਪਤਾ ਲੱਗਾ ਕਿ ਬੂਰਾ ਨੇ ਬੰਦਗਰ ਨਾਲ ਗੱਲਬਾਤ ਕੀਤੀ ਕਿ ਕਿਵੇਂ ਨਿਯੁਕਤੀਆਂ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਉੱਚ-ਅਧਿਕਾਰੀਆਂ ਨਾਲ ਕਥਿਤ ਸਬੰਧਾਂ ਦਾ ਫਾਇਦਾ ਚੁੱਕਿਆ ਜਾਵੇ।
ਐਫਆਈਆਰ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ 100 ਕਰੋੜ ਰੁਪਏ ਦੀ ਵੱਡੀ ਕੀਮਤ 'ਤੇ ਰਾਜ ਸਭਾ ਲਈ ਉਮੀਦਵਾਰੀ ਦਾ ਝੂਠਾ ਭਰੋਸਾ ਦੇ ਕੇ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕਰ ਰਹੇ ਸਨ। ਐਫਆਈਆਰ ਵਿਚ ਇਲਜ਼ਾਮ ਲਗਾਇਆ ਗਿਆ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਬੰਡਗਰ ਨੇ ਖ਼ੁਦ ਨੂੰ ਸੀਬੀਆਈ ਦੇ ਇਕ ਸੀਨੀਅਰ ਅਧਿਕਾਰੀ ਵਜੋਂ ਪੇਸ਼ ਕੀਤਾ ਅਤੇ ਵੱਖ-ਵੱਖ ਥਾਣਿਆਂ ਦੇ ਪੁਲਿਸ ਅਧਿਕਾਰੀਆਂ ਨੂੰ ਆਪਣੀ ਜਾਣ-ਪਛਾਣ ਵਾਲੇ ਲੋਕਾਂ ਦਾ ਪੱਖ ਲੈਣ ਜਾਂ ਚੱਲ ਰਹੇ ਮਾਮਲਿਆਂ ਦੀ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਕਿਹਾ ਸੀ।